ਹਰਪ੍ਰੀਤ ਕੌਰ
ਹੁਸ਼ਿਆਰਪੁਰ, 23 ਮਈ
ਕਰੀਬ ਤਿੰਨ ਮਹੀਨੇ ਪਹਿਲਾਂ ਹੁਸ਼ਿਆਰਪੁਰ ਤੋਂ ਅਗਵਾ ਕੀਤੇ ਸਕੇ ਭੈਣ-ਭਰਾ ਨੂੰ ਪੁਲੀਸ ਨੇ ਹੈਦਰਾਬਾਦ ਤੋਂ ਬਾਰਮਦ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਬਗਦੀ ਅੰਕਿਤ ਪੁੱਤਰ ਬਗਦੀ ਦੀਪਕ ਵਾਸੀ ਸੰਜੇ ਨਗਰ ਹੈਦਰਾਬਾਦ ਵਜੋਂ ਹੋਈ ਹੈ। ਵਰਣਨਯੋਗ ਹੈ ਕਿ ਮੁਹੱਲਾ ਰਵਿਦਾਸ ਨਗਰ ਤੋਂ ਬੀਤੀ 19 ਮਾਰਚ ਨੂੰ ਸਕੇ ਭੈਣ-ਭਰਾ ਵਰਿੰਦਰਜੀਤ ਕੌਰ ਤੇ ਸ਼ਿਵਜੋਤ ਭੇਤਭਰੀ ਹਾਲਤ ’ਚ ਲਾਪਤਾ ਹੋ ਗਏ ਸਨ। ਬੱਚਿਆਂ ਦੇ ਪਿਤਾ ਰੇਸ਼ਮ ਲਾਲ ਦੀ ਸ਼ਿਕਾਇਤ ’ਤੇ ਥਾਣਾ ਸਦਰ ਵਿਖੇ ਕੇਸ ਦਰਜ ਕੀਤਾ ਗਿਆ ਸੀ। ਐੱਸ.ਐੱਸ.ਪੀ ਸਰਤਾਜ ਸਿੰਘ ਚਾਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਲਾਪਤਾ ਹੋਏ ਭੈਣ-ਭਰਾ ਦੀ ਭਾਲ ਲਈ ਐੱਸ.ਪੀ (ਡੀ) ਮੁਖਤਿਆਰ ਰਾਏ, ਡੀ.ਐੱਸ.ਪੀ (ਡੀ) ਸਰਬਜੀਤ ਰਾਏ ਅਤੇ ਇੰਚਾਰਜ ਸੀ.ਆਈ.ਏ ਦੀ ਅਗਵਾਈ ਹੇਠ ਇਕ ਟੀਮ ਦਾ ਗਠਨ ਕੀਤਾ ਗਿਆ ਸੀ। ਟੀਮ ਨੂੰ ਤਫ਼ਤੀਸ਼ ਦੌਰਾਨ ਤੋਂ ਪਤਾ ਲੱਗਿਆ ਕਿ ਉਕਤ ਭੈਣ ਭਰਾ ਨੂੰ ਇੱਕ ਤੇਲੰਗਾਨਾ ਦਾ ਵਿਅਕਤੀ ਅਗਵਾ ਕਰਕੇ ਆਪਣੇ ਨਾਲ ਲੈ ਗਿਆ ਹੈ। ਪੁਲੀਸ ਨੇ ਹੈਦਰਾਬਾਦ ਦੀ ਪੁਲੀਸ ਨਾਲ ਰਾਬਤਾ ਕਾਇਮ ਕਰਕੇ ਅਗਵਾ ਕੀਤੇ ਦੋਵੇਂ ਬੱਚਿਆਂ ਨੂੰ ਬਰਾਮਦ ਕਰਕੇ ਦੋਸ਼ੀ ਬਗਦੀ ਅੰਕਿਤ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਅਧਿਕਾਰੀਆਂ ਦੀ ਇਸ ਪ੍ਰਾਪਤੀ ਉੱਤੇ ਬੱਚਿਆਂ ਦੇ ਮਾਪਿਆਂ ਨੂੰ ਸੁੱਖ ਦਾ ਸਾਹ ਆਇਆ ਹੈ। ਐੱਸ.ਐੱਸ.ਪੀ ਨੇ ਦੱਸਿਆ ਕਿ ਦੋਸ਼ੀ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਬੱਚਿਆਂ ਨੂੰ ਭਾਲਣ ਵਿੱਚ ਪੁਲੀਸ ਮੁਲਾਜ਼ਮਾਂ ਦੀ ਮੁਸਤੈਦੀ ਦੀ ਸਮਾਜਸੇਵੀਆਂ ਨੇ ਪ੍ਰਸ਼ੰਸਾ ਕੀਤੀ ਹੈ।