ਪਾਲ ਸਿੰਘ ਨੌਲੀ
ਜਲੰਧਰ, 19 ਅਕਤੂਬਰ
ਕਸਬਾ ਆਦਮਪੁਰ ਨੇੜਲੇ ਪਿੰਡ ਕਾਲਰਾ ਦੇ ਯੂਕੋ ਬੈਂਕ ਵਿਚੋਂ 15 ਅਕਤੂਬਰ ਨੂੰ ਕੀਤੀ ਗਈ ਡਕੈਤੀ ਅਤੇ ਗਾਰਡ ਦੇ ਕਤਲ ਦੇ ਮਾਮਲੇ ਨੂੰ ਦਿਹਾਤੀ ਪੁਲੀਸ ਨੇ 72 ਘੰਟਿਆਂ ਵਿੱਚ ਹੱਲ ਕਰਨ ਦਾ ਦਾਅਵਾ ਕਰਦਿਆਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਕੋਲੋਂ ਵਾਰਦਾਤ ਲਈ ਵਰਤੀ ਗਈ ਇਕ ਐਕਟਿਵਾ ਅਤੇ 39,500 ਰੁਪਏ ਬਰਾਮਦ ਕੀਤੇ ਹਨ।
ਐੱਸਐੱਸਪੀ ਜਲੰਧਰ ਦਿਹਾਤੀ ਸੰਦੀਪ ਕੁਮਾਰ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲੀਸ ਪਹਿਲਾਂ ਡਰਾਈਵਰੀ ਕਰਦੇ ਰਹੇ ਪਰ ਅੱਜ-ਕੱਲ੍ਹ ਇਕ ਢਾਬਾ ਚਲਾ ਰਹੇ 47 ਸਾਲਾ ਸੁਰਜੀਤ ਸਿੰਘ ਜੀਤਾ ਵਾਸੀ ਪਿੰਡ ਆਦਮਵਾਲ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਦੱਸਿਆ ਕਿ ਉਸ ਨੇ ਅਤੇ ਚਾਰ ਹੋਰ ਸਾਥੀਆਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸੀ।
ਜ਼ਿਕਰਯੋਗ ਹੈ ਕਿ 15 ਅਕਤੂਬਰ ਨੂੰ ਉਕਤ ਬੈਂਕ ਸ਼ਾਖ਼ਾ ਨੂੰ ਲੁੱਟਣ ਆਏ ਡਕੈਤਾਂ ਨੇ 5,97,856 ਰੁਪਏ ਦੀ ਰਕਮ ਲੁੱਟਣ ਦੇ ਨਾਲ ਨਾਲ ਬੈਂਕ ਦੇ ਗਾਰਡ ਸੁਰਿੰਦਰ ਪਾਲ ਸਿੰਘ ਵਾਸੀ ਡਰੋਲੀ ਕਲਾਂ ਨੂੰ ਗੋਲੀਆਂ ਮਾਰੀਆਂ ਸਨ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਉਸ ਨੇ ਦੱਸਿਆ ਕਿ ਉਹ ਇਕ ਮੋਟਰਸਾਈਕਲ ਅਤੇ ਦੋ ਐਕਟਿਵਾ ’ਤੇ ਸਵਾਰ ਹੋ ਕੇ ਆਏ ਸਨ ਅਤੇ ਉਸ ਦੇ ਹਿੱਸੇ ਉਕਤ ਲੁੱਟ ਦੀ ਰਕਮ ਵਿੱਚੋਂ ਕੇਵਲ 45 ਹਜ਼ਾਰ ਰੁਪਏ ਆਏ ਸਨ ਜਦਕਿ ਬਾਕੀ ਰਕਮ ਬਾਕੀ ਦੋਸ਼ੀਆਂ ਪਾਸ ਹੈ।
ਫੜੇ ਗਏ ਵਿਅਕਤੀ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਦੇ ਗਰੋਹ ਨੇ ਸਰਾਂ, ਥਾਣਾ ਟਾਂਡਾ ਅਤੇ ਅੰਮ੍ਰਿਤਸਰ ਦੇ ਕਸਬਾ ਮਹਿਤਾ ਵਿੱਚ ਬੈਂਕਾਂ ਨੂੰ ਲੁੱਟਣ ਦੀ ਯੋਜਨਾ ਵੀ ਬਣਾਈ ਸੀ।
ਮੁਲਜ਼ਮ ਵੱਲੋਂ ਦੱਸੇ ਗੈਂਗ ਮੈਂਬਰਾਂ ਵਿੱਚ ਸਤਨਾਮ ਸਿੰਘ ਉਰਫ਼ ਸੱਤਾ ਵਾਸੀ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ, ਸੁਖ਼ਵਿੰਦਰ ਸਿੰਘ ਉਰਫ਼ ਸੁੱਖਾ ਵਾਸੀ ਪਿੰਡ ਕੋਠੇ ਪ੍ਰੇਮ ਨਗਰ, ਹਰਿਆਣਾ ਹੁਸ਼ਿਆਰਪੁਰ, ਗੁਰਵਿੰਦਰ ਸਿੰਘ ਉਰਫ਼ ਗਿੰਦਾ ਉਰਫ਼ ਭਲਵਾਨ ਵਾਸੀ ਲੁਧਿਆਣੀ ਥਾਣਾ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸੁਨੀਲ ਦੱਤ ਵਾਸੀ ਘੁਗਿਆਲ, ਜ਼ਿਲ੍ਹਾ ਹੁਸ਼ਿਆਰਪੁਰ ਸ਼ਾਮਲ ਹਨ।