ਪੱਤਰ ਪ੍ਰੇਰਕ
ਮੁਕੇਰੀਆਂ, 13 ਸਤੰਬਰ
ਬੀਤੇ ਦਿਨ ਨਹਿਰੀ ਵਿਭਾਗ ਦੀਆਂ ਸਿੰਜਾਈ ਨਹਿਰਾਂ ’ਚ ਸੀਵਰੇਜ ਪੈਣ ਤੋਂ ਰੋਕਣ ਦੀ ਮੁਹਿੰਮ ਸਿਆਸੀ ਦਖ਼ਲ ਕਾਰਨ ਠੰਡੀ ਪੈ ਗਈ ਹੈ। ਬੀਤੀ ਰਾਤ ਮੁਕੇਰੀਆਂ ਤਲਵਾੜਾ ਮਾਰਗ ’ਤੇ ਬੁੱਢੇਵਾਲ ਨਜ਼ਦੀਕ ਛੁੱਟੀਆਂ ਦਾ ਲਾਹਾ ਲੈ ਕੇ ਇੱਕ ਦੁਕਾਨਦਾਰ ਵਲੋਂ ਪਾਈ ਜਾ ਰਹੀ ਪੁਲੀ ਰੋਕਣ ਲਈ ਵੀ ਸਿਆਸੀ ਦਖ਼ਲ ਦੇਖਣ ਨੂੰ ਮਿਲਿਆ।
ਬੀਤੇ ਦਿਨ ਨਹਿਰੀ ਵਿਭਾਗ ਦੇ ਐਸਡੀਓ ਵਿਨੈ ਠਾਕੁਰ ਦੀ ਅਗਵਾਈ ਵਿੱਚ ਨਹਿਰਾਂ ਵਿੱਚ ਸੀਵਰੇਜ਼ ਪੈਣ ਤੋਂ ਰੋਕਣ ਲਈ ਮੁਹਿੰਮ ਵਿੱਢੀ ਗਈ ਸੀ। ਨਹਿਰੀ ਵਿਭਾਗ ਦੀ ਮੁਹਿੰਮ ਨੇ ਹਾਲੇ ਅੱਧੀ ਕੁ ਦਰਜਨ ਲੋਕਾਂ ’ਤੇ ਹੀ ਕਾਰਵਾਈ ਕੀਤੀ ਸੀ। ਨਹਿਰ ਵਿੱਚ ਸੀਵਰੇਜ ਪਾ ਰਹੇ ਇੱਕ ਸਿਆਸੀ ਰਸੂਖਦਾਰ ਦੁਕਾਨਦਾਰ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਟੀਮ ਨੇ ਜਦੋਂ ਸਖ਼ਤੀ ਕਰਨੀ ਸ਼ੁਰੂ ਕੀਤੀ ਤਾਂ ਨਹਿਰੀ ਅਧਿਕਾਰੀ ਨੂੰ ਇੱਕ ਸਿਆਸੀ ਆਗੂ ਦਾ ਫੋਨ ਆ ਗਿਆ ਅਤੇ ਉੁਸ ਨੂੰ ਵਿਧਾਇਕਾ ਦੇ ਘਰੇ ਆ ਕੇ ਨਗਰ ਕੌਂਸਲ ਤੇ ਸੀਵਰੇਜ ਅਧਿਕਾਰੀਆਂ ਨਾਲ ਮੀਟਿੰਗ ਕਰਨ ਦਾ ਹੁਕਮ ਸੁਣਾ ਦਿੱਤਾ ਗਿਆ। ਇਸ ਤੋਂ ਬਾਅਦ ਇਹ ਮੁਹਿੰਮ ਦੋ ਮਹੀਨੇ ਲਈ ਅੱਗੇ ਪਾ ਦਿੱਤੀ ਗਈ। ਇਸੇ ਦੌਰਾਨ, ਬੀਤੀ ਰਾਤ ਬਾਗੋਵਾਲ ਖੇਤਰ ਵਿੱਚ ਪੈਂਦੇ ਇੱਕ ਦੁਕਾਨਦਾਰ ਜਸਵੀਰ ਸਿੰਘ ਵਲੋਂ ਆਪਣਾ ਸਿਆਸੀ ਰਸੂਖ ਵਰਤਦਿਆਂ ਨਹਿਰ ’ਤੇ ਪੁਲੀ ਪਾਉਣੀ ਸ਼ੁਰੂ ਕਰ ਦਿੱਤੀ। ਵਿਭਾਗ ਨੂੰ ਪਤਾ ਲੱਗਣ ’ਤੇ ਐਸਡੀਓ ਵਿਨੈ ਕੁਮਾਰ ਦੀ ਅਗਵਾਈ ਵਿੱਚ ਪੁੱਜੀ ਟੀਮ ਨੇ ਜਦੋਂ ਪੁਲੀ ਪਾਉਣ ਦਾ ਵਿਰੋਧ ਕੀਤਾ ਤਾਂ ਇੱਕ ਸਿਆਸੀ ਆਗੂ ਦਾ ਪੁੱਤਰ ਆ ਗਿਆ ਅਤੇ ਪੁਲੀ ਪਾਉਣ ਦੀ ਵਕਾਲਤ ਕਰਨ ਲੱਗ ਪਿਆ ਪਰ ਨਹਿਰੀ ਅਧਿਕਾਰੀਆਂ ਨੇ ਇਹ ਪੁਲੀ ਰੁਕਵਾ ਦਿੱਤੀ। ਕੁੱਲ ਹਿੰਦ ਕਿਸਾਨ ਸਭਾ ਦੇ ਜੁਆਇੰਟ ਸਕੱਤਰ ਆਸ਼ਾ ਨੰਦ ਨੇ ਨਹਿਰੀ ਵਿਭਾਗ ’ਤੇ ਪੈ ਰਹੇ ਸਿਆਸੀ ਪਰਛਾਵੇਂ ਨੂੰ ਰੋਕਣ ਦੀ ਮੰਗ ਕਰਦਿਆਂ ਕਿਹਾ ਕਿ ਨਹਿਰਾਂ ’ਤੇ ਨਾਜਾਇਜ਼ ਪੁਲੀਆਂ ਅਤੇ ਪਾਏ ਜਾ ਰਹੇ ਸੀਵਰੇਜ ਖਿਲਾਫ਼ ਠੋਸ ਕਾਰਵਾਈ ਕੀਤੀ ਜਾਵੇ।
ਸੀਵਰੇਜ ਵਿਭਾਗ ਨੇ ਦੋ ਮਹੀਨੇ ਦਾ ਸਮਾਂ ਮੰਗਿਆ: ਐੱਸਡੀਓ
ਨਹਿਰੀ ਵਿਭਾਗ ਦੇ ਐੱਸਡੀਓ ਵਿਨੈ ਠਾਕੁਰ ਨੇ ਕਿਹਾ ਕਿ ਨਗਰ ਕੌਂਸਲ ਤੇ ਸੀਵਰੇਜ ਵਿਭਾਗ ਨੇ ਮਿਲੀ ਗਰਾਂਟ ਨਾਲ ਸੀਵਰੇਜ ਪਾਉਣ ਲਈ ਦੋ ਮਹੀਨੇ ਦਾ ਸਮਾਂ ਮੰਗਿਆ ਹੈ। ਮੀਟਿੰਗ ਵਿਧਾਇਕਾ ਦੇ ਘਰੇ ਹੋਈ ਸੀ ਪਰ ਉਹ (ਵਿਧਾਇਕਾ) ਮੀਟਿੰਗ ਵਿਚ ਸ਼ਾਮਲ ਨਹੀਂ ਹੋ ਸਕੇ ਸਨ ਅਤੇ ਨਾ ਹੀ ਕੋਈ ਸਿਆਸੀ ਦਖ਼ਲ ਹੈ। ਦੋ ਮਹੀਨੇ ਬਾਅਦ ਨਹਿਰਾਂ ’ਚ ਸੀਵਰੇਜ ਪੈਣਾ ਮੁਕੰਮਲ ਰੋਕ ਦਿੱਤਾ ਜਾਵੇਗਾ ਜਦੋਂ ਕਿ ਨਹਿਰ ’ਤੇ ਨਾਜਾਇਜ਼ ਪੁਲੀ ਦਾ ਕੰਮ ਬੀਤੀ ਰਾਤ ਰੁਕਵਾ ਦਿੱਤਾ ਗਿਆ ਹੈ।