ਗੁਰਦੇਵ ਸਿੰਘ ਗਹੂੰਣ
ਬਲਾਚੌਰ, 25 ਅਪਰੈਲ
ਸ਼ਹਿਰ ਦੀ ਇੱਕ ਦੁਕਾਨ ’ਚ ਚਿੱਪ ਵਾਲਾ ਸਮਾਰਟ ਮੀਟਰ ਲਗਾਉਣ ਆਏ ਪਾਵਰਕੌਮ ਦੇ ਮੁਲਾਜ਼ਮਾਂ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵਿਰੋਧ ਕਾਰਨ ਬੇਰੰਗ ਪਰਤਣਾ ਪਿਆ। ਇਸ ਗੱਲ ਦੀ ਸੂਚਨਾ ਬਲਾਚੌਰ ਪੁਲੀਸ ਨੂੰ ਮਿਲਣ ’ਤੇ ਪੁਲੀਸ ਮੁਲਾਜ਼ਮ ਵੀ ਤੁਰੰਤ ਪਹੁੰਚ ਗਏ ਅਤੇ ਮਾਮਲਾ ਸ਼ਾਂਤ ਕਰਵਾਇਆ। ਪਾਵਰਕੌਮ ਦਫਤਰ ਕੰਪਲੈਕਸ ਬਲਾਚੌਰ ਦੇ ਸਾਹਮਣੇ ਟਰਾਲੀਆਂ ਆਦਿ ਬਣਾਉਣ ਦੀ ਦੁਕਾਨ ’ਤੇ ਆ ਕੇ ਪਾਵਰਕੌਮ ਮੁਲਾਜ਼ਮਾਂ ਨੇ ਸਮਾਰਟ ਮੀਟਰ ਲਗਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੀ ਜਾਣਕਾਰੀ ਮਾਲਕਾਂ ਨੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਦਿੱਤੀ ਅਤੇ ਕੁਝ ਹੀ ਮਿੰਟਾਂ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਘਟਨਾ ਸਥਾਨ ’ਤੇ ਪਹੁੰਚ ਗਏ ਅਤੇ ਪਾਵਰਕੌਮ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਔਜਲਾ, ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਜੀਤ ਸਿੰਘ ਭਾਰਾਪੁਰ ਅਤੇ ਹਰਵਿੰਦਰ ਸਿੰਘ ਚਾਹਲ ਆਦਿ ਆਗੂਆਂ ਨੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਦੁਕਾਨਾਂ ਜਾਂ ਘਰਾਂ ਵਿੱਚ ਚਿੱਪ ਵਾਲੇ ਸਮਾਰਟ ਮੀਟਰ ਲਗਾਉਣ ਨਹੀਂ ਦਿੱਤੇ ਜਾਣਗੇ। ਆਗੂਆਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਵਰਕੌਮ ਅਧਿਕਾਰੀ ਜੇ ਮੀਟਰ ਲਗਾਉਣ ਹਿਤ ਧੱਕਾ ਕਰਦੇ ਹਨ, ਤਾਂ ਉਹ ਤੁਰੰਤ ਹੀ ਕਿਸਾਨ ਜਥੇਬੰਦੀਆਂ ਨੂੰ ਸੂਚਿਤ ਕਰਨ। ਦੂਜੇ ਪਾਸੇ ਪਾਵਰਕੌਮ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਉਹ ਤਾਂ ਸਿਰਫ ਕੁਨੈਕਸ਼ਨ ਚੈੱਕ ਕਰਨ ਆਏ ਸਨ।