ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 22 ਜੂਨ
ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦੇ ਖੇਤੀਬਾੜੀ ਕਾਲਜ ’ਚ ਡਿਪਲੋਮਾ ਦੇ ਵਿਦਿਆਰਥੀ ਪ੍ਰਭਜੋਤ ਸਿੰਘ ਨੇ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ ’ਚ ਦੋ ਗੋਲਡ ਮੈਡਲ ਜਿੱਤ ਕੇ ਕਾਲਜ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦੇ ਡਾਇਰੈਕਟਰ ਡਾ. ਮਨਮੋਹਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕਾਲਜ ਦੇ ਪ੍ਰਭਜੋਤ ਸਿੰਘ ਨੇ 16 ਜੂਨ ਤੋਂ 19 ਜੂਨ ਤੱਕ ਬਿਸ਼ਕੇਕ (ਕਿਰਗਿਸਤਾਨ) ਰੂਸ ਵਿੱਚ ਹੋਏ ਕੌਮਾਂਤਰੀ ਪੱਧਰ ਦੇ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਦੀ ਇੱਕ ਪੂਰੀ ਈਵੈਂਟ ਅਤੇ ਇੱਕ ਡੈੱਡ ਲਿਫਟ ਈਵੈਂਟ ਵਿੱਚ ਦੋ ਗੋਲਡ ਮੈਡਲ ਜਿੱਤੇ ਹਨ। ਇਸ ਮੌਕੇ ਡਾ. ਮਨਮੋਹਨਜੀਤ ਸਿੰਘ, ਡਾ. ਹੇਮੰਤ ਠਾਕੁਰ ਇੰਚਾਰਜ ਐੱਨ.ਐੱਸ.ਓ. ਨੇ ਪ੍ਰਭਜੋਤ ਸਿੰਘ ਨੂੰ ਉਸ ਦੀਆਂ ਇਨ੍ਹਾਂ ਪ੍ਰਾਪਤੀਆਂ ’ਤੇ ਵਧਾਈ ਦਿੱਤੀ। ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਭਜੋਤ ਦੀਆਂ ਇਹ ਪ੍ਰਾਪਤੀਆਂ ਕਾਲਜ ਦੇ ਦੂਜੇ ਵਿਦਿਆਰਥੀਆਂ ਲਈ ਵੀ ਰਾਹ ਰੁਸ਼ਨਾਊ ਸਿੱਧ ਹੋਣਗੀਆਂ। ਇਸ ਦੌਰਾਨ ਉਨ੍ਹਾਂ ਖਿਡਾਰੀ ਦਾ ਸਨਮਾਨ ਵੀ ਕੀਤਾ।