ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਜੂਨ
ਝੋਨਾ ਲਾਉਣ ਦਾ ਸੀਜ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਕਿਸਾਨ ਜਿਥੇ ਲੇਬਰ ਰਾਹੀਂ ਝੋਨਾ ਲਗਵਾ ਰਹੇ ਹਨ ਉਥੇ ਮਸ਼ੀਨਾਂ ਰਾਹੀਂ ਝੋਨਾ ਲਾਉਣ ਨੂੰ ਵੀ ਪਹਿਲ ਦਿੱਤੀ ਜਾ ਰਹੀ ਹੈ। ਝੋਨਾ ਲਾਉਣ ਦੇ ਸ਼ੁਰੂ ਹੋਏ ਸੀਜ਼ਨ ਦੇ ਪਹਿਲੇ ਦਿਨ ਹੀ ਜ਼ਿਲ੍ਹੇ ਵਿਚ ਅੱਧੀ ਦਰਜਨ ਪਿੰਡਾਂ ਵਿਚ ਮਸ਼ੀਨਾਂ ਨਾਲ ਝੋਨਾ ਲਾਉਣ ਦੀ ਕਿਸਾਨਾਂ ਨੇ ਸ਼ੁਰੂਆਤ ਕੀਤੀ। ਪਿਛਲੇ ਸਾਲ ਵੀ ਲੇਬਰ ਦੀ ਘਾਟ ਕਰਕੇ ਵੱਡੇ ਕਿਸਾਨਾਂ ਨੇ ਝੋਨਾ ਲਾਉਣ ਵਾਲੀਆਂ ਆਪਣੀਆਂ ਮਸ਼ੀਨਾਂ ਲੈ ਲਈਆਂ ਸਨ।
ਪਿੰਡ ਤਲਵੰਡੀ ਮਾਧੋ ਦੇ ਕਿਸਾਨ ਅਮਰੀਕ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਪਿਛਲੇ ਸਾਲ ਤੋਂ ਹੀ ਬਹੁਤ ਸਾਰੇ ਕਿਸਾਨਾਂ ਨੇ ਮਸ਼ੀਨਾਂ ਨਾਲ ਝੋਨਾ ਲਾਉਣਾ ਸ਼ੁਰੂ ਕੀਤਾ ਸੀ ਤੇ ਅੱਜ ਵੀ ਲੇਬਰ ਦੇ ਨਾਲ-ਨਾਲ ਮਸ਼ੀਨਾਂ ਨਾਲ ਝੋਨਾ ਲੱਗਣਾ ਸ਼ੁਰੂ ਹੋ ਗਿਆ।
ਇਧਰ ਖੇਤੀਬਾੜੀ ਵਿਭਾਗ ਨੇ ਅੱਜ ਜ਼ਿਲ੍ਹੇ ਵਿਚ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋਣ ’ਤੇ ਮਸ਼ੀਨ ਰਾਹੀਂ ਝੋਨਾ ਲਾਉਣ ਦੀ ਰਸਮੀ ਸ਼ੁਰੂਆਤ ਕਰਵਾਈ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਸ ਸਾਲ ਜ਼ਿਲ੍ਹੇ ਵਿਚ 1.71 ਲੱਖ ਹੈਕਟੇਅਰ ਝੋਨੇ ਦੀ ਬਿਜਾਈ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਝੋਨਾ ਲਾਉਣ ਵਾਲੇ ਕਿਸਾਨਾਂ ਦੀ ਗਿਣਤੀ ਕਾਫੀ ਘੱਟ ਸੀ ਪਰ ਆਉਣ ਵਾਲੇ ਦੋ-ਚਾਰ ਦਿਨਾਂ ਵਿਚ ਝੋਨਾ ਲਾਉਣ ’ਚ ਤੇਜ਼ੀ ਆ ਜਾਵੇਗੀ। ਉਨ੍ਹਾਂ ਨੇ ਮੈਟ ਟਾਈਪ ਪਨੀਰੀ ਨੂੰ ਕੱਦੂ ਕੀਤੇ ਗਏ ਖੇਤਾਂ ਵਿਚ ਮਸ਼ੀਨ ਰਾਹੀਂ ਝੋਨਾ ਲਾਉਣ ਦਾ ਪ੍ਰਦਰਸ਼ਨੀ ਪਲਾਂਟ ਦੇਖਿਆ। ਉਨ੍ਹਾਂ ਦੱਸਿਆ ਕਿ ਮਸ਼ੀਨ ਰਾਹੀਂ ਇਕ ਦਿਨ ਵਿਚ ਤਿੰਨ-ਚਾਰ ਬੰਦਿਆਂ ਦੀ ਮਦਦ ਨਾਲ ਹੀ 10 ਤੋਂ 12 ਏਕੜ ਝੋਨਾ ਅਸਾਨੀ ਨਾਲ ਲੱਗ ਜਾਂਦਾ ਹੈ। ਇਸ ਮੌਕੇ ਉਨ੍ਹਾਂ ਨਾਲ ਆਏ ਇਕ ਆਈਏਐੱਸ (ਅੰਡਰ ਟਰੇਨੀ) ਉਜੱਸਵੀ ਅਲੰਕਾਰ ਨੇ ਮਸ਼ੀਨ ਰਾਹੀਂ ਝੋਨਾ ਲੱਗਣ ਦੀ ਤਕਨੀਕ ਨੂੰ ਦੇਖਿਆ।
ਉਨ੍ਹਾਂ ਦੱਸਿਆ ਕਿ ਇਹ ਤਜਰਬਾ ਉਨ੍ਹਾਂ ਲਈ ਲਾਹੇਵੰਦ ਸਾਬਤ ਹੋਵੇਗਾ। ਪ੍ਰਦਰਸ਼ਨੀ ਪਲਾਂਟ ਦੇਖਣ ਆਏ ਕਿਸਾਨਾਂ ਦਾ ਕਹਿਣਾ ਸੀ ਕਿ ਇਸ ਨਾਲ ਲੇਬਰ ਦਾ ਖਰਚਾ ਵੀ ਬਚੇਗਾ ਜਿਹੜਾ ਕਿ 5 ਹਜ਼ਾਰ ਤੋਂ ਲੈ ਕੇ 5500 ਰੁਪਏ ਪ੍ਰਤੀ ਏਕੜ ਸੀ।