ਬਲਾਚੌਰ (ਗੁਰਦੇਵ ਸਿੰਘ ਗਹੂੰਣ): ਸਿਹਤ ਵਿਭਾਗ ਅੰਬਾਲਾ (ਹਰਿਆਣਾ) ਦੀ ਅਸਿਸਟੈਂਟ ਚੀਫ ਮੈਡੀਕਲ ਅਫਸਰ ਡਾ. ਬਲਵਿੰਦਰ ਕੌਰ ਅਤੇ ਜ਼ਿਲ੍ਹਾ ਪਰਿਵਾਰ ਨਿਯੋਜਨ ਅਫਸਰ ਸ਼ਹੀਦ ਭਗਤ ਸਿੰਘ ਨਗਰ ਡਾ. ਜਤਿੰਦਰ ਸਿੰਘ ’ਤੇ ਆਧਾਰਿਤ ਟੀਮ ਵਲੋਂ ਭੱਦੀ ਰੋਡ ਬਲਾਚੌਰ ਸਥਿਤ ਇੱਕ ਨਿੱਜੀ ਹਸਪਤਾਲ (ਸੂਰੀ ਹਸਪਤਾਲ) ਵਿਖੇ ਸਟਿੰਗ ਅਪਰੇਸ਼ਨ ਕਰਕੇ ਡਾ. ਭੁਪਿੰਦਰਜੀਤ ਸਿੰਘ ਅਤੇ ਸੈਕਟਰ-2 ਨਯਾ ਨੰਗਲ, ਥਾਣਾ ਨੰਗਲ, ਜ਼ਿਲ੍ਹਾ ਰੋਪੜ ਨਿਵਾਸੀ ਰਾਕੇਸ਼ ਕੁਮਾਰ ਪੁੱਤਰ ਨਕਲੀ ਸਿੰਘ ਨੂੰ ਇੱਕ ਔਰਤ ਦੇ ਗਰਭ ਨਿਰਧਾਰਣ ਟੈਸਟ ਸਬੰਧੀ ਸਕੈਨ ਕਰਦਿਆਂ ਮੌਕੇ ’ਤੇ ਫੜ ਲਿਆ ਗਿਆ। ਸਿਟੀ ਥਾਣਾ ਬਲਾਚੌਰ ਦੇ ਮੁਖੀ ਇੰਸਪੈਕਟਰ ਗੌਰਵ ਧੀਰ ਨੇ ਦੱਸਿਆ ਕਿ ਉਕਤ ਟੀਮ ਵਲੋਂ ਸਕੈਨ ਮਸ਼ੀਨ ਅਤੇ 500- 500 ਦੇ ਨੋਟ ਕੀਤੇ ਕਰੰਸੀ ਨੋਟਾਂ ਦੇ 26,500 ਰੁਪਏ ਬਰਾਮਦ ਕਰ ਲਏ ਗਏ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਦੋਹਾਂ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ।