ਨਿੱਜੀ ਪੱਤਰ ਪ੍ਰੇਰਕ
ਜਲੰਧਰ, 5 ਮਈ
ਕਾਰਲ ਮਾਰਕਸ ਦੇ 203ਵੇਂ ਜਨਮ ਦਿਹਾੜੇ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਰੋਨਾ ਅਤੇ ਕਿਸਾਨ ਸੰਘਰਸ਼ ਨੂੰ ਸਮਰਪਿਤ ਵਿਚਾਰ-ਚਰਚਾ ਕਰਵਾਈ ਗਈ। ਇਸ ਵਿਚਾਰ ਚਰਚਾ ਨੇ ਅਨੇਕਾਂ ਪੱਖਾਂ ਦੀ ਸਮੀਖਿਆ ਕਰਦਿਆਂ ਤੱਤ ਕੱਢਿਆ ਕਿ ਕਾਰਲ ਮਾਰਕਸ ਦਾ ਫਲਸਫ਼ਾ ਸਿਰ ਕੱਢਵੇਂ ਰੂਪ ’ਚ ਸੱਚ ਸਾਬਤ ਹੋ ਰਿਹਾ ਹੈ ਕਿ ਮੁਨਾਫ਼ੇ ’ਤੇ ਟਿਕੇ ਰਾਜ ਅਤੇ ਸਮਾਜ ਦੇ ਹੁਕਮਰਾਨਾਂ ਦੀ ਨਜ਼ਰ ’ਚ ਮਨੁੱਖ ਦੀ ਕੀਮਤ ਕਾਣੀ ਕੌਡੀ ਵੀ ਨਹੀਂ ਹੁੰਦੀ।
ਕਿਰਤੀ ਲਹਿਰ ਦੇ ਆਗੂ ਅਤੇ ‘ਕਿਰਤੀ’ ਅਖ਼ਬਾਰ ਦੇ ਸੰਪਾਦਕ ਭਾਈ ਸੰਤੋਖ ਸਿੰਘ ਭਾਸ਼ਣ ਲੜੀ ਦੇ ਤੌਰ ’ਤੇ ਹਰ ਸਾਲ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਮਨਾਏ ਜਾਂਦੇ ਕਾਰਲ ਮਾਰਕਸ ਦੇ ਜਨਮ ਦਿਵਸ ਸਮਾਗਮ ਦੀ ਮਹੱਤਤਾ ਅਤੇ ਪ੍ਰਸੰਗਕਤਾ ਉਪਰ ਚਾਨਣ ਪਾਉਂਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਚਰੰਜੀ ਲਾਲ ਕੰਗਣੀਵਾਲ ਨੇ ਕਿਹਾ ਕਿ ਆਰਥਿਕ, ਸਮਾਜਿਕ ਪਾੜਾ ਮੇਟਣ ਲਈ ਸਾਨੂੰ ਇਨ੍ਹਾਂ ਮਹਾਨ ਸਖਸ਼ੀਅਤਾਂ ਦੇ ਸੰਗਰਾਮੀ ਜੀਵਨ ਸਫ਼ਰ ਤੋਂ ਸਬਕ ਲੈਣ ਦੀ ਲੋੜ ਹੈ।
ਵਿਚਾਰ-ਚਰਚਾ ਦੇ ਮੁੱਖ ਬੁਲਾਰੇ ਡਾ. ਸ਼ਿਆਮ ਸੁੰਦਰ ਦੀਪਤੀ ਨੇ ਕਰੋਨਾ, ਚੁਣੌਤੀਆਂ, ਕਿਸਾਨ ਅੰਦੋਲਨ, ਰਾਜ ਭਾਗ ਦਾ ਨਿਘਾਰ ਅਤੇ ਕੀ ਕਰਨਾ ਲੋੜੀਏ? ਵਿਸ਼ਿਆਂ ਨੂੰ ਆਪਣੀ ਤਕਰੀਰ ਵਿੱਚ ਸਮੇਟਦਿਆਂ ਕਿਹਾ ਕਿ ਕਰੋਨਾ ਨੂੰ ਹਰਾਉਣ ਲਈ ਗੰਭੀਰ ਉੱਦਮ ਨਹੀਂ ਕੀਤਾ ਗਿਆ ਸਗੋਂ ਰਾਜਨੀਤਕ ਰੋਟੀਆਂ ਸੇਕਣ ਦਾ ਕੰਮ ਕੀਤਾ ਗਿਆ।
ਉਨ੍ਹਾਂ ਤਿੱਖੇ ਸੁਆਲ ਖੜ੍ਹੇ ਕੀਤੇ ਕਿ ਕਾਰਪੋਰੇਟ ਜਗਤ ਦੀਆਂ ਕਮਾਈਆਂ ਲਈ ਸਾਰੇ ਰਾਹ ਮੋਕਲੇ ਕਰ ਕੇ, ਲੋਕਾਂ ਨੂੰ ਮਰਜ਼ ਤੋਂ ਦਹਿਸ਼ਤਜ਼ਦਾ ਕਰਕੇ, ਕਾਰਪੋਰੇਟਾਂ ਦੇ ਗਾਹਕ ਬਣਾਉਣ ਦੀ ਵਿਧੀ ਤੇਜ਼ ਕੀਤੀ ਜਾ ਰਹੀ ਹੈ। ਡਾ. ਦੀਪਤੀ ਨੇ ਕਿਹਾ ਕਿ ਵੈਕਸੀਨ, ਆਕਸੀਜਨ ਸਿਲੰਡਰ ਅਤੇ ਲੋੜੀਂਦਾ ਦਵਾਈਆਂ ਦੀ ਕਾਲਾ ਬਾਜ਼ਾਰੀ, ਸ਼ਰਮਿੰਦਗੀ ਭਰਿਆ ਵਰਤਾਰਾ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਮਾਰਕਸ ਨੇ ਕਿਹਾ ਸੀ ਕਿ, ‘‘ਅਸਲ ਮਸਲਾ ਤਾਂ ਸਮਾਜ ਨੂੰ ਬਦਲਣ ਦਾ ਹੈ।’’ ਉਨ੍ਹਾਂ ਕਿਹਾ ਕਿ ਮਾਰਕਸਵਾਦ ਅਜੇਹਾ ਵਿਗਿਆਨ ਹੈ, ਜਿਸਨੂੰ ਸਾਡੀਆਂ ਠੋਸ ਹਾਲਤਾਂ ਨੂੰ ਸਮਝਕੇ ਲਾਗੂ ਕਰਨ ਲਈ ਅਧਿਐਨ ਕਰਨਾ ਚਾਹੀਦਾ ਹੈ।