ਹਤਿੰਦਰ ਮਹਿਤਾ
ਜਲੰਧਰ, 13 ਜੁਲਾਈ
ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਨੇ ਲੋਹੀਆਂ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਕੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸੁਵਿਧਾਵਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਸਿਹਤ ਵਿਭਾਗ ਵੱਲੋਂ ਲਾਏ ਗਏ ਮੈਡੀਕਲ ਕੈਂਪਾਂ ਦੀ ਜਾਂਚ ਕੀਤੀ ਅਤੇ ਸਿਹਤ ਸੁਵਿਧਾਵਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਔਖੀ ਘੜੀ ਵਿੱਚ ਪੂਰੀ ਤਰ੍ਹਾਂ ਸੂਬਾ ਵਾਸੀਆਂ ਦੇ ਨਾਲ ਖੜ੍ਹੀ ਹੈ ਅਤੇ ਰਾਹਤ ਕਾਰਜਾਂ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਐੱਨ.ਡੀ.ਆਰ.ਐੱਫ., ਐੱਸ.ਡੀ.ਆਰ.ਐੱਫ. ਅਤੇ ਫੌਜ ਦੀਆਂ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਦਿਨ-ਰਾਤ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਹਤ ਕਾਰਜਾਂ ਤਹਿਤ ਲੋਕਾਂ ਤੱਕ ਖਾਣਾ ਅਤੇ ਹੋਰ ਜਰੂਰੀ ਸਮੱਗਰੀ ਪਹੁੰਚਾਉਣ ਲਈ ਵੱਖ-ਵੱਖ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿਨ-ਰਾਤ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਵਰਗੇ ਹਾਲਾਤ ਨਾਲ ਨਿਪਟਣ ਲਈ ਸਾਰੇ ਜ਼ਿਲ੍ਹਿਆਂ ਨੂੰ ਫੰਡ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕਰਨਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ ਅਤੇ ਇਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਔਖੀ ਘੜੀ ਵਿੱਚ ਅਫ਼ਵਾਹਾਂ ਤੋਂ ਦੂਰ ਰਹਿਣ ਅਤੇ ਜੇਕਰ ਕੋਈ ਸ਼ਰਾਰਤੀ ਅਨਸਰ ਝੂਠੀਆਂ ਅਫ਼ਵਾਹਾਂ ਫੈਲਾ ਕੇ ਮਾਹੌਲ ਖ਼ਰਾਬ ਕਰਦਾ ਹੈ ਤਾਂ ਜਾਣਕਾਰੀ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਜਾਵੇ।
ਵਿਧਾਇਕ ਗਿੱਲ ਵੱਲੋਂ ਵੇਈਂ ਨਾਲ ਲੱਗਦੇ ਪਿੰਡਾਂ ਦਾ ਦੌਰਾ
ਟਾਂਡਾ (ਸੁਰਿੰਦਰ ਸਿੰਘ ਗੁਰਾਇਆ): ਵਿਧਾਇਕ ਜਸਵੀਰ ਸਿੰਘ ਰਾਜਾ ਵੱਲੋਂ ਡੀਸੀ ਕੋਮਲ ਮਿੱਤਲ ਨਾਲ ਮੀਂਹ ਨਾਲ ਪ੍ਰਭਾਵਿਤ ਵੇਈਂ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਐੱਸ.ਡੀ.ਐੱਮ ਦਸੂਹਾ ਓਜਸਵੀ ਅਲੰਕਾਰ ਵੀ ਮੌਜੂਦ ਸਨ। ਇਸ ਮੌਕੇ ਵਿਧਾਇਕ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਹਲਕੇ ਦੇ ਪਿੰਡਾਂ ਪੁਲ ਪੁਖਤਾ, ਫਿਰੋਜ਼ ਰੌਲੀਆ, ਨੱਥੂਪੁਰ, ਤਲਵੰਡੀ ਡੰਡੀਆਂ, ਪੱਤੀ ਮੀਰਾਂਪੁਰ ਅਤੇ ਬਹਾਦਰਪੁਰ ਦੇ ਖੇਤਾਂ ਵਿੱਚ ਪਾਣੀ ਆ ਗਿਆ ਸੀ। ਇਸ ਦੌਰੇ ਦਾ ਮਕਸਦ ਪ੍ਰਭਾਵਿਤ ਪਿੰਡਾਂ ਦੀਆਂ ਪੰਚਾਇਤਾਂ ਨਾਲ ਤਾਲਮੇਲ ਕਰ ਕੇ ਖੜ੍ਹੇ ਪਾਣੀ ਦੀ ਨਿਕਾਸੀ ਲਈ ਯੋਗ ਪ੍ਰਬੰਧ ਕਰ ਕੇ ਵੇਈਂ ਵਿੱਚ ਛੱਡਣਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ’ਤੇ ਵਿਸ਼ਵਾਸ ਨਾ ਕਰਨ ਅਤੇ ਨਾ ਹੀ ਘਬਰਾਹਟ ਵਿੱਚ ਆਉਣ, ਲੋੜ ਪੈਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਗਏ ਫਲੱਡ ਕੰਟਰੋਲ ਰੂਮਾਂ ਨਾਲ ਸੰਪਰਕ ਕਰਨ। ਡੀਸੀ ਕੋਮਲ ਮਿੱਤਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੇ ਕੁਦਰਤੀ ਵਹਾਅ ਨੂੰ ਬਹਾਲ ਕਰਦੇ ਹੋਏ ਇਸ ਨੂੰ ਅੱਗੇ ਵਹਿਣ ਦੇਣ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਬਰਸਾਤ ਕਿਸੇ ਲਈ ਮੁਸੀਬਤ ਨਾ ਬਣੇ। ਉਨ੍ਹਾਂ ਕਿਹਾ ਕਿ ਸਮੁੱਚਾ ਸਰਕਾਰੀ ਤੰਤਰ ਇਸ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਯਤਨਸ਼ੀਲ ਹੈ।