ਦੀਪਕ ਠਾਕੁਰ
ਤਲਵਾੜਾ, 18 ਸਤੰਬਰ
ਸਥਾਨਕ ਬੀਬੀਐੱਮਬੀ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਕਾਰਨ ਐਮਰਜੈਂਸੀ ਸੇਵਾਵਾਂ ਬੰਦ ਰੱਖਣ ਖ਼ਿਲਾਫ਼ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪ੍ਰਬੰਧਕ ਬੋਰਡ ਦੇ ਇਸ ਫੈਸਲੇ ਕਾਰਨ ਕੰਢੀ ਖ਼ੇਤਰ ’ਚ ਸਿਹਤ ਸਹੂਲਤਾਂ ਦੀ ਹਾਲਤ ਹੋਰ ਨਿੱਘਰ ਗਈ ਹੈ। ਬੀਬੀਐੱਮਬੀ ਐਂਪਲਾਈਜ਼ ਯੂਨੀਅਨ ‘ਏਟਕ’ ਅਤੇ ਕਾਂਗਰਸ ਪਾਰਟੀ ਨੇ ਡਾਕਟਰੀ ਅਮਲੇ ਦੀ ਘਾਟ ਕਾਰਨ ਖ਼ੇਤਰ ਵਿੱਚ ਸਿਹਤ ਸਹੂਲਤਾਂ ਵਿਚ ਲਗਾਤਾਰ ਕੀਤੀ ਜਾ ਰਹੀ ਕਟੌਤੀ ਦੇ ਵਿਰੋਧ ਵਿੱਚ ਅੱਜ ਰੋਸ ਪ੍ਰਰਦਸ਼ਨ ਕੀਤਾ। ‘ਏਟਕ’ ਪ੍ਰਧਾਨ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਮੁਲਾਜ਼ਮਾਂ ਨੇ ਬੀਬੀਐੱਮਬੀ ਹਸਪਤਾਲ ਅੱਗੇ ਰੋਸ ਪ੍ਰਰਦਰਸ਼ਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਡਾਕਟਰੀ ਅਮਲੇ ਦੀ ਘਾਟ ਨਾਲ ਜੂਝ ਰਹੇ ਹਸਪਤਾਲ ’ਚ ਪਿਛਲੇ ਦਿਨੀਂ ਇੱਕ ਡਾਕਟਰ ਦੀ ਨੇੜਲੇ ਹਸਪਤਾਲ ਭੋਲ ਕਲੌਤਾ ’ਚ ਬਦਲੀ ਕਰ ਦਿੱਤੀ ਗਈ ਹੈ। ਯੂਨੀਅਨ ਆਗੂ ਸ਼ਿਵ ਕੁਮਾਰ ਨੇ ਪ੍ਰਬੰਧਕ ਬੋਰਡ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ। ਇਮਾਰਤ ਅੰਦਰ ਸਲ੍ਹਾਬ ਆਉਣ ਕਾਰਨ ਉੱਲੀ ਜੰਮ ਗਈ ਹੈ। ਉਧਰ, ਬਾਅਦ ਦੁਪਹਿਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰੁਣ ਕੁਮਾਰ ਉਰਫ਼ ਮਿੱਕੀ ਡੋਗਰਾ ਨੇ ਸ਼ਹਿਰੀ ਪ੍ਰਧਾਨ ਬੋਧਰਾਜ ਦੀ ਰਹਿਨੁਮਾਈ ਹੇਠ ਹਸਪਤਾਲ ਦਾ ਦੌਰਾ ਕੀਤਾ। ਡੋਗਰਾ ਨੇ ਕੰਢੀ ਖ਼ੇਤਰ ’ਚ ਖ਼ਰਾਬ ਸਿਹਤ ਸਹੂਲਤਾਂ ਲਈ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਡਾਕਟਰਾਂ ਦੀ ਭਰਤੀ ਨਾ ਹੋਣ ਕਾਰਨ ਸਰਕਾਰੀ ਹਸਪਤਾਲ ਖਾਲੀ ਹਨ, ਨਾਕਸ ਸਿਹਤ ਪ੍ਰਬੰਧਾਂ ਕਾਰਨ ਲੋਕ ਨਿੱਜੀ ਹਸਪਤਾਲਾਂ ’ਚ ਮਹਿੰਗੇ ਭਾਅ ਇਲਾਜ ਕਰਵਾਉਣ ਲਈ ਮਜਬੂਰ ਹੋ ਗਏ ਹਨ। ਬੀਬੀਐੱਮਬੀ ਹਸਪਤਾਲ ਦੇ ਪੀਐੱਮਓ ਦਵਿੰਦਰ ਪੁਰੀ ਨੇ ਦੱਸਿਆ ਕਿ ਹਸਪਤਾਲ ’ਚ ਕੁੱਲ 15 ਡਾਕਟਰਾਂ ਦੀਆਂ ਪੋਸਟਾਂ ਹਨ ਜਿਨ੍ਹਾਂ ਵਿੱਚੋਂ ਪੰਜ ਭਰੀਆਂ ਹੋਈਆਂ ਹਨ, ਦੋ ਡਾਕਟਰ ਛੁਟੀ ’ਤੇ ਹਨ। ਉਹ ਐਮਰਜੈਂਸੀ ਸੇਵਾਵਾਂ ਬੰਦ ਕਰਨ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ’ਚ ਦੇ ਚੁੱਕੇ ਹਨ।