ਜੇਬੀ ਸੇਖੋਂ
ਗੜ੍ਹਸ਼ੰਕਰ, 15 ਅਕਤੂਬਰ
ਕੇਂਦਰ ਸਰਕਾਰ ਵੱਲੋਂ ਪੈਟਰੋਲ, ਡੀਜ਼ਲ ਅਤੇ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੀਤੇ ਜਾ ਰਹੇ ਲਗਾਤਾਰ ਵਾਧੇ ਦੇ ਰੋਸ ਵੱਜੋਂ ਅੱਜ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਹੇਠ ਤਹਿਸੀਲ ਦੇ ਪਿੰਡ ਹਕੂਮਤਪੁਰ ਵਿੱਚ ਪਿੰਡ ਵਾਸੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਮੋਦੀ ਸਰਕਾਰ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਚੰਗੇ ਦਿਨ ਲਿਆਉਣ ਦੇ ਵਾਅਦੇ ਨਾਲ ਸੱਤਾ ਵਿੱਚ ਆਉਣ ਵਾਲੀ ਮੋਦੀ ਸਰਕਾਰ ਨੇ ਦੇਸ਼ ਅੰਦਰ ਆਰਥਿਕ ਐਮਰਜੈਂਸੀ ਵਰਗੇ ਹਾਲਾਤ ਬਣਾ ਦਿੱਤੇ ਹਨ। ਕਰੋਨਾ ਕਾਲ ਦੇ ਭਿਆਨਕ ਸਮੇਂ ਨੇ ਲੋਕਾਂ ਦੇ ਨਿੱਕੇ-ਮੋਟੇ ਰੁਜ਼ਗਾਰ ਵੀ ਖਤਮ ਕਰ ਦਿੱਤੇ ਹਨ। ਇਸ ਮੌਕੇ ਸ੍ਰੀ ਧੀਮਾਨ ਨੇ ਕਿਹਾ ਕਿ ਲੋਕਾਂ ਨੂੰ ਚਾਰ ਸੌ ਰੁਪਏ ਦਾ ਗੈਸ ਸਿਲੰਡਰ ਦੇਣ ਦੇ ਵਾਅਦਾ ਕਰਨ ਵਾਲੀ ਭਾਜਪਾ ਸਰਕਾਰ ਦੇ ਰਾਜ ਵਿੱਚ ਸਿਲੰਡਰ ਦੀ ਕੀਮਤ 925 ਰੁਪਏ ਹੈ। ਇਸੇ ਤਰ੍ਹਾਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਅਸਮਾਨ ਛੂਹ ਗਈਆਂ ਹਨ ਨਾਲ ਹੀ ਘਰੇਲੂ ਵਰਤੋਂ ਦਾ ਸਮਾਨ ਖਰੀਦਣਾ ਵੀ ਲੋਕਾਂ ਦੇ ਵੱਸੋਂ ਬਾਹਰ ਹੋ ਗਿਆ ਹੈ। ਇਸ ਮੌਕੇ ਹਾਜ਼ਰ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਾਰਟੀ ਆਗੂ ਸੂਰਜ ਪ੍ਰਕਾਸ਼, ਦਰਸ਼ਨ ਰਾਮ, ਰਵਿੰਦਰ ਸਿੰਘ, ਮਨਜੀਤ ਸਿੰਘ, ਸੁਖਵਿੰਦਰ ਸਿੰਘ, ਰਾਮ ਲਾਲ, ਸਤਨਾਮ ਆਦਿ ਸਮੇਤ ਪਿੰਡ ਵਾਸੀ ਹਾਜ਼ਰ ਸਨ।