ਪੱਤਰ ਪ੍ਰੇਰਕ
ਸ਼ਾਹਕੋਟ, 15 ਜੁਲਾਈ
ਲਾਅ ਅਫ਼ਸਰਾਂ ਦੀਆਂ 178 ਅਸਾਮੀਆਂ ’ਚ ਸੂਬਾ ਸਰਕਾਰ ਵੱਲੋਂ ਦਲਿਤ ਵਰਗ ਨੂੰ ਰਾਖਵਾਂਕਰਨ ਨਾ ਦੇਣ ਦੇ ਵਿਰੋਧ ’ਚ ਐੱਸਸੀ/ਬੀਸੀ ਅਧਿਆਪਕ ਯੂਨੀਅਨ (ਪੰਜਾਬ) ਦੀ ਇਕਾਈ ਸ਼ਾਹਕੋਟ ਨੇ ਇੱਥੇ ਤਹਿਸੀਲ ਕੰਪਲੈਕਸ ’ਚ ਰੈਲੀ ਕੀਤੀ।
ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਬੰਸ ਲਾਲ ਪਰਜੀਆਂ, ਜ਼ਿਲ੍ਹਾ ਪ੍ਰਧਾਨ ਗੁਰਮੇਜ ਲਾਲ ਹੀਰ, ਬਲਾਕ ਪ੍ਰਧਾਨ ਦੇਵ ਰਾਜ, ਆਦਿ ਨੇ ਕਿਹਾ ਕਿ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ’ਚ ਕੀਤੀ ਜਾ ਰਹੀ ਭਰਤੀ ਵਿੱਚ ’ਚ ਰਾਖਵਾਂਕਰਨ ਖ਼ਤਮ ਕਰਕੇ ਸੰਵਿਧਾਨ ਦੀ ਉਲੰਘਣਾ ਕੀਤੀ ਜਾ ਰਹੀ ਹੈ। ਐਡਵੋਕੇਟ ਜਨਰਲ ਪੰਜਾਬ ਵੱਲੋਂ ਦਲਿਤ ਵਰਗ ਦੇ ਉਮੀਦਵਾਰਾਂ ਨੂੰ ਅਯੋਗ ਕਹਿ ਕੇ ਦਲਿਤ ਵਰਗ ਦਾ ਵੀ ਅਪਮਾਨ ਕੀਤਾ ਗਿਆ ਹੈ। ਇਸ ਮੌਕੇ ਆਗੂਆਂ ਨੇ ਏਜੀ ਪੰਜਾਬ ਖ਼ਿਲਾਫ਼ ਐਟਰੇਸਿਟੀ ਐਕਟ 1989 ਤਹਿਤ ਕਾਰਵਾਈ ਕਰਵਾਉਣ, ਲਾਅ ਅਫ਼ਸਰਾਂ ਦੀਆਂ 178, ਪੁਲੀਸ ਵਿਭਾਗ ਵਿਚ 4358 ਸਿਪਾਹੀਆਂ ਦੀ ਭਰਤੀ, ਈਟੀਟੀ ਭਰਤੀ ਕੀਤੇ 6635 ਅਧਿਆਪਕਾਂ ਦੀਆਂ ਅਸਾਮੀਆਂ ਵਿਚ ਰਾਖਵੇਂਕਰਨ ਲਈ ਪੰਜਾਬ ਦੇ ਰਾਜਪਾਲ ਦੇ ਨਾਂ ਤਹਿਸੀਲਦਾਰ ਸ਼ਾਹਕੋਟ ਨੂੰ ਮੰਗ ਪੱਤਰ ਵੀ ਦਿੱਤਾ।