ਸੁਰਜੀਤ ਮਜਾਰੀ
ਬੰਗਾ, 5 ਅਕਤੂਬਰ
ਪੰਜਾਬ ਸਰਕਾਰ ਵੱਲੋਂ ਬੇਜ਼ਮੀਨੇ ਮਜ਼ਦੂਰਾਂ ਦੀ ਕਰਜ਼ਾ ਮੁਆਫੀ ਵਿੱਚ ਆਪਣੇ ਫੰਡਾਂ ’ਚੋਂ ਕਰਜ਼ਾ ਦੇਣ ਵਾਲੀਆਂ ਸਹਿਕਾਰੀ ਸਭਾਵਾਂ ਨੂੰ ਨਾ ਸ਼ਾਮਲ ਕਰਨ ਲਈ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਇਲਾਕੇ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਬੇਜ਼ਮੀਨੇ ਮਜ਼ਦੂਰਾਂ ਨੇ ਅੱਜ ਪਿੰਡ ਹੱਪੋਵਾਲ ਦੀ ਸਹਿਕਾਰੀ ਸਭਾ ਦੇ ਵਿਹੜੇ ਇਕੱਤਰ ਹੋ ਕੇ ਸਰਕਾਰ ’ਤੇ ਪੱਖਪਾਤੀ ਰਵੱਈਏ ਦਾ ਦੋਸ਼ ਲਾਇਆ। ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਮਹਿੰਦਰ ਸਿੰਘ ਖੈਰੜ ਨੇ ਦੱਸਿਆ ਕਿ ਪੰਜਾਬ ’ਚ ਆਪਣੇ ਫੰਡਾਂ ’ਚੋਂ ਬੇਜ਼ਮੀਨੇ ਮਜ਼ਦੂਰਾਂ ਨੂੰ ਕਰਜ਼ਾ ਦੇਣ ਵਾਲੀਆਂ ਸਹਿਕਾਰੀ ਸੁਸਾਇਟੀਆਂ ਦਾ ਕਰਜ਼ਾ 60 ਕਰੋੜ 14 ਲੱਖ 89 ਹਜ਼ਾਰ ਬਣਦਾ ਹੈ, ਇਸ ’ਚ ਸ਼ਹੀਦ ਭਗਤ ਸਿੰਘ ਨਗਰ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਰੋਪੜ, ਮੁਹਾਲੀ, ਬਠਿੰਡਾ, ਕਪੂਰਥਲਾ ਜ਼ਿਲ੍ਹਿਆਂ ਦੇ ਲਾਭਪਾਤਰੀ ਸ਼ਾਮਲ ਹਨ।
ਦੱਸਣਯੋਗ ਹੈ ਕਿ ਇਸ ਮੁੱਦੇ ਨੂੰ ਲੈ ਕੇ ਸਹਿਕਾਰੀ ਸੁਸਾਇਟੀਆਂ ਦੇ ਸਕੱਤਰ ਅਤੇ ਬੇਜ਼ਮੀਨੇ ਮਜ਼ਦੂਰ 13 ਅਕਤੂਬਰ ਨੂੰ ਮੋਰਿੰਡਾ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਜਾ ਕੇ ਆਪਣੀਆਂ ਸਮੱਸਿਆਵਾਂ ਦੱਸਣਗੇ ਕਿ ਕੈਪਟਨ ਸਰਕਾਰ ਨੇ ਬੇਜ਼ਮੀਨੇ ਮਜ਼ਦੂਰਾਂ ਨਾਲ ਬੇਇਨਸਾਫੀ ਕੀਤੀ ਹੈ ਇਹ ਬੇਇਨਸਾਫ਼ੀ ਦੂਰ ਕੀਤੀ ਜਾਵੇ। ਇਸ ਮੌਕੇ ਸ਼ਹੀਦ ਭਗਤ ਸਿੰਘ ਨਗਰ ਦੀ ਇਕਾਈ ਵੱਲੋਂ ਸੌ ਗੱਡੀਆਂ ਦੇ ਕਾਫ਼ਲੇ ਨਾਲ ਸ਼ਾਮਲ ਹੋਣ ਲਈ ਵਿਉਂਤਬੰਦੀ ਘੜੀ ਗਈ। ਇਸ ਮੀਟਿੰਗ ਨੂੰ ਤਹਿਸੀਲ ਪ੍ਰਧਾਨ ਗਿਆਨ ਚੰਦ ਹੱਪੋਵਾਲ, ਤਹਿਸੀਲ ਸਕੱਤਰ ਮਹਾਂ ਚੰਦ ਹੀਉਂ, ਸਹਿਕਾਰੀ ਸਭਾਵਾਂ ਦੀ ਜਥੇਬੰਦੀ ਵਲੋਂ ਸੋਹਣ ਸਿੰਘ ਸਕੱਤਰ ਸਹਿਕਾਰੀ ਸਭਾ ਹੱਪੋਵਾਲ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਅਮਰਜੀਤ ਸਿੰਘ ਭਾਰਟਾ ਖੁਰਦ, ਜੋਗਾ ਸਿੰਘ ਹੱਪੋਵਾਲ, ਸਤਨਾਮ ਸਿੰਘ ਚਾਹਲ ਕਲਾਂ, ਭੋਲਾ ਲਿੱਦੜ, ਹਰਦੀਪ ਸਿੰਘ ਪੰਚ ਬੀਸਲਾ, ਅਵਤਾਰ ਚੰਦ ਭਰੋਮਜਾਰਾ, ਕਸ਼ਮੀਰ ਚੰਦ ਸਰਪੰਚ ਜੈਨਪੁਰ, ਮੋਨਿਕਾ ਬਾਹੜੋਵਾਲ, ਤਰਸੇਮ ਸਿੰਘ ਸਾਬਕਾ ਸਰਪੰਚ ਪਿੰਡ ਹੀਉਂ ਆਦਿ ਵੀ ਸ਼ਾਮਲ ਹਨ।