ਨਿੱਜੀ ਪੱਤਰ ਪ੍ਰੇਰਕ
ਜਲੰਧਰ, 9 ਜੂਨ
ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਜ਼ਿਲ੍ਹਾ ਜਲੰਧਰ ਦੀਆਂ ਵਰਕਰਾਂ ਨੇ ਪ੍ਰਧਾਨ ਗੁਰਜੀਤ ਕੌਰ ਦੀ ਅਗਵਾਈ ਹੇਠ ਸਿਵਲ ਸਰਜਨ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ। ਇਸ ਮੌਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਮਨਦੀਪ ਕੌਰ ਸੰਧੂ, ਅੰਮ੍ਰਿਤਪਾਲ ਕੌਰ, ਡੀਐੱਮਐੱਫ ਦੇ ਆਗੂ ਹਰਿੰਦਰ ਦੁਸਾਂਝ, ਕੁਲਵਿੰਦਰ ਸਿੰਘ ਜੋਸਨ ਤੇ ਗੁਰਿੰਦਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਵਰਕਰਾਂ ਪਾਸੋਂ ਕਰੋਨਾ ਮਹਾਮਾਰੀ ਮੁਹਿੰਮ ਨੂੰ ਪੂਰਾ ਕਰਨ ਲਈ ਹਰ ਤਰ੍ਹਾਂ ਦਾ ਕੰਮ ਲਿਆ ਜਾ ਰਿਹਾ ਹੈ। ਇਸ ਦੇ ਉਲਟ ਕੇਂਦਰ ਅਤੇ ਪੰਜਾਬ ਸਰਕਾਰ ਵਰਕਰਾਂ ਨੂੰ ਮਿਲਣ ਵਾਲਾ ਮਿਹਨਤਾਨਾ 31 ਮਾਰਚ ਤੋਂ ਬੰਦ ਕਰਕੇ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ। ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਪੰਜਾਬ ਵਿੱਚ ਨਸ਼ੇ ਦਾ ਸੇਵਨ ਕਰਦੇ ਨੌਜਵਾਨਾਂ ਦਾ ਸਰਵੇਖਣ ਕਰਨ ਲਈ ਆਸ਼ਾ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ ਜਦੋਂਕਿ ਇਹ ਕੰਮ ਪੁਲੀਸ ਵਿਭਾਗ ਦੇ ਨਾਰਕੋਟਿਕਸ ਸੈੱਲ ਦਾ ਹੈ।
ਜਥੇਬੰਦੀ ਦੀ ਆਗੂ ਕੂਲਜੀਤ ਕੌਰ ਖਾਲਸਾ ਤੇ ਸੁਖਨਿੰਦਰ ਕੌਰ ਬੜਾ ਪਿੰਡ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਜਥੇਬੰਦੀ ਦੇ ਤਿੱਖੇ ਸੰਘਰਸ਼ਾਂ ਤੋਂ ਬਾਅਦ ਵਰਕਰਾਂ ਦੇ ਫਿਕਸ ਕੀਤੇ ਪੱਕੇ ਭੱਤੇ 2500 ਰੁਪਏ ਨੂੰ ਦੇਣ ਵਿੱਚ ਬੇਲੋੜੀਆਂ ਸ਼ਰਤਾਂ ਲਾ ਕੇ ਇਹ ਸਰਕਾਰ ਆਪਣੇ ਚੋਣ ਵਾਅਦੇ ਅਨੁਸਾਰ ਇਸ ਭੱਤੇ ਨੂੰ ਦੁੱਗਣਾ ਕਰਨ ਦੀ ਬਜਾਏ ਪਹਿਲਾਂ ਵਾਲਾ ਭੱਤਾ ਖੋਹ ਰਹੀ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ 24 ਜੂਨ ਨੂੰ ਚੰਡੀਗੜ੍ਹ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਰੋਸ ਧਰਨੇ ਨੂੰ ਕੁਲਵਿੰਦਰ ਕੌਰ ਸੀਮਾ, ਰਜਵਿੰਦਰ ਕੌਰ, ਅਨੀਤਾ ਥੋਪੀਆ, ਕੁਲਦੀਪ ਕੌਰ, ਅਮਨਦੀਪ ਕੌਰ, ਅਨੀਤਾ, ਰਾਜ, ਜਸਵਿੰਦਰ ਕੌਰ, ਰਜਨੀ ਬਾਲਾ, ਪਰਮਜੀਤ ਕੌਰ, ਨੀਲਮ, ਨਰਿੰਦਰ ਕੌਰ, ਮਿੰਨਾ, ਪਰਮਜੀਤ ਅਤੇ ਬਲਵਿੰਦਰ ਕੌਰ ਆਦਿ ਨੇ ਵੀ ਸੰਬੋਧਨ ਕੀਤਾ।