ਲਾਜਵੰਤ ਸਿੰਘ
ਨਵਾਂਸ਼ਹਿਰ, 23 ਅਗਸਤ
ਗੁਜਰਾਤ ’ਚ 2002 ਵਿੱਚ ਵਾਪਰੇ ਗੋਧਰਾ ਕਾਂਡ ਦੀ ਪੀੜਤ ਬਿਲਕੀਸ ਬਾਨੋ ਨਾਮੀ ਔਰਤ ਨਾਲ ਜਬਰ-ਜਨਾਹ ਤੇ ਪਰਿਵਾਰ ਦੇ ਹੱਤਿਆਰਿਆਂ ਨੂੰ ਰਿਹਾਅ ਕਰਨ ਵਿਰੁੱਧ ਅੱਜ ਇੱਥੇ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਤੋਂ ਪਹਿਲਾਂ ਬਾਰਾਂਦਰੀ ਬਾਗ ਵਿੱਚ ਹੋਏ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ ਤੇ ਜ਼ਿਲ੍ਹਾ ਸਕੱਤਰ ਰੁਪਿੰਦਰ ਕੌਰ ਦੁਰਗਾਪੁਰ ਨੇ ਕਿਹਾ ਕਿ ਗੁਜਰਾਤ ਦੇ ਗੋਧਰਾ ਦੰਗੇ ਹਾਕਮਾਂ ਵੱਲੋਂ ਯੋਜਨਾਬੱਧ ਸਨ ਜਿਸ ਦੀ ਪੁਸ਼ਟੀ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਵੀ ਕਰ ਚੁੱਕੀ ਹੈ। ਗੁਜਰਾਤ ਦੀ ਮੌਜੂਦਾ ਭਾਜਪਾ ਸਰਕਾਰ ਵੱਲੋਂ ਬਿਲਕੀਸ ਬਾਨੋ ਨਾਲ ਬਲਾਤਕਾਰ ਕਰਨ ਵਾਲੇ ਅਤੇ ਉਸ ਦੇ ਪਰਿਵਾਰ ਦੇ 7 ਮੈਂਬਰਾਂ ਦੇ 11 ਕਾਤਲਾਂ ਨੂੰ ਆਜ਼ਾਦੀ ਦਿਵਸ ਉੱਤੇ ਰਿਹਾਅ ਕਰ ਦਿੱਤਾ ਗਿਆ ਹੈ, ਜਿਸ ਨਾਲ ਭਾਜਪਾ ਦਾ ਔਰਤ ਵਿਰੋਧੀ ਅਤੇ ਘੱਟ ਗਿਣਤੀਆਂ ਦੀ ਨਫਰਤ ਨਾਲ ਭਰਿਆ ਪਿਆ ਚਿਹਰਾ ਨੰਗਾ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਦੋਸ਼ੀਆਂ ਨੂੰ ਮੁੜ ਜੇਲ੍ਹ ਵਿੱਚ ਸੁੱਟਿਆ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਈ ਨਾਮਵਰ ਬੁੱਧੀਜੀਵੀ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਜਿਨ੍ਹਾਂ ਨੂੰ ਜ਼ਮਾਨਤਾਂ ਤੱਕ ਨਹੀਂ ਦਿੱਤੀਆਂ ਜਾ ਰਹੀਆਂ। ਇਸ ਸਮੇਂ ਭਾਰਤ ਵਿੱਚ ਕਾਨੂੰਨ ਦਾ ਰਾਜ ਨਹੀਂ, ਰਾਜ ਦਾ ਕਾਨੂੰਨ ਚੱਲ ਰਿਹਾ ਹੈ। ਆਗੂਆਂ ਨੇ ਤੀਸਤਾ ਸੀਤਲਵਾੜ, ਮੁਹੰਮਦ ਜ਼ੁਬੈਰ, ਆਰ ਬੀ ਸ਼੍ਰੀਕੁਮਾਰ ਅਤੇ ਜੇਲ੍ਹਾਂ ਵਿੱਚ ਬੰਦ ਹੋਰ ਬੁੱਧੀਜੀਵੀਆਂ, ਬੰਦੀ ਸਿੰਘਾਂ ਸਮੇਤ ਸਜ਼ਾ ਪੂਰੀ ਕਰ ਚੁੱਕੇ ਸਾਰੇ ਕੈਦੀਆਂ ਨੂੰ ਰਿਹਾਅ ਕਰਨ ਅਤੇ ਸਾਰੇ ਰਾਜਸੀ ਕੈਦੀ ਰਿਹਾਅ ਕਰਨ ਦੀ ਮੰਗ ਕਰਦਿਆਂ ਲੋਕਾਂ ਨੂੰ ਮੋਦੀ ਸਰਕਾਰ ਦੇ ਫਾਸ਼ੀ ਹੱਲਿਆਂ ਵਿਰੁੱਧ ਸੰਘਰਸ਼ ਤਿੱਖਾ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਰਣਜੀਤ ਕੌਰ ਮਹਿਮੂਦਪੁਰ, ਮਨਜੀਤ ਕੌਰ ਅਲਾਚੌਰ, ਹਰਬੰਸ ਕੌਰ ਨਵਾਂਸ਼ਹਿਰ, ਪਰਮਜੀਤ ਕੌਰ ਮੀਰਪੁਰ, ਸਤਪਾਲ ਕੌਰ ਪਾਬਲਾ ਉੜਾਪੜ, ਗੁਰਿੰਦਰ ਕੌਰ ਦੁਰਗਾਪੁਰ, ਸੁਦੇਸ਼ ਸ਼ਰਮਾ ਮਾਹਿਲ ਗਹਿਲਾਂ, ਰੇਣੂੰ ਦੇਵੀ ਨਿਰਾਲਾ ਅਤੇ ਲਲਤਾ ਦੇਵੀ ਨਵਾਂਸ਼ਹਿਰ ਵੀ ਮੌਜੂਦ ਸਨ।