ਬਲਾਚੌਰ: ਪਾਵਰਕੌਮ ਮੁਲਾਜ਼ਮਾਂ ਦੀ ਜੁਆਇੰਟ ਫੋਰਮ ਦੇ ਸੱਦੇ ’ਤੇ ਪੀ.ਐੱਸ.ਪੀ.ਸੀ.ਐੱਲ. ਉਪ ਮੰਡਲ ਨੰਬਰ 1 ਅਤੇ 2 ਬਲਾਚੌਰ ਦੇ ਸਮੂਹ ਮੁਲਾਜ਼ਮਾਂ ਵਲੋਂ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2020 ਨੂੰ ਪਾਰਲੀਮੈਂਟ ਵਿੱਚ ਪੇਸ਼ ਕਰਕੇ ਪਾਸ ਕਰਵਾਉਣ ਲਈ ਅਪਣਾਏ ਜਾ ਰਹੇ ਹੱਥ ਕੰਡਿਆਂ ਦਾ ਤਿੱਖਾ ਵਿਰੋਧ ਕਰਦਿਆਂ ਗੇਟ ਰੈਲੀ ਅਤੇ ਰੋਸ ਧਰਨਾ ਦਿੱਤਾ ਗਿਆ। ਸਮੂਹ ਮੁਲਾਜ਼ਮ ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਬਿੱਲ ਨੂੰ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੁਲਾਜ਼ਮ ਅਤੇ ਲੋਕ ਮਾਰੂ ਬਿੱਲ ਖ਼ਿਲਾਫ਼ ਲਕੀਰ ਖਿੱਚਵੀਂ ਲੜਾਈ ਲੜੀ ਜਾਵੇਗੀ। ਇਸ ਰੈਲੀ ਨੂੰ ਮੋਹਣ ਸਿੰਘ ਸੂਬਾ ਸਕੱਤਰ, ਕੁਲਵਿੰਦਰ ਸਿੰਘ, ਇਕਬਾਲ ਸਿੰਘ, ਅਮਰੀਕ ਸਿੰਘ ਸਰਕਲ ਆਗੂ, ਬਲਜੀਤ ਰਾਮ, ਅਮਰੀਕ ਸਿੰਘ ਜਾਡਲੀ, ਗੁਰਪਾਲ ਸਿੰਘ, ਨਰਿੰਦਰ ਕੁਮਾਰ, ਧਰਮ ਪਾਲ, ਵਿਨੋਦ ਕੁਮਾਰ, ਜਸਵਿੰਦਰ ਪਾਲ ਅਤੇ ਮੱਖਣ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ। -ਨਿੱਜੀ ਪੱਤਰ ਪ੍ਰੇਰਕ