ਪੱਤਰ ਪ੍ਰੇਰਕ
ਹੁਸ਼ਿਆਰਪੁਰ, 5 ਜੁਲਾਈ
ਸਿੰਗਲ ਵਰਤੋਂ ਵਾਲੀ ਪਲਾਸਟਿਕ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਦੋਗਲੀਆਂ ਅਤੇ ਗਰੀਬ ਰੇਹੜੀ-ਫੜ੍ਹੀ ਵਾਲਿਆਂ ਤੋਂ ਜਬਰਦਸਤੀ ਲਿਫਾਫ਼ੇ ਚੁੱਕਣ ਅਤੇ ਆਮ ਛੋਟੇ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਕਰਨ ਅਤੇ ਬਿਨਾਂ ਕਿਸੇ ਬਦਲ ਦਿੱਤਿਆਂ ਪਲਾਸਟਿਕ ਨਾਲ ਸਬੰਧਤ ਸਾਰੇ ਧੰਦੇ ਚੋਪਟ ਕਰਨ ਦੇ ਵਿਰੋਧ ’ਚ ਲੇਬਰ ਪਾਰਟੀ ਵੱਲੋਂ ਪੰਜਾਬ ਸਰਕਾਰ ਵਿਰੁੱਧ ਜੈ ਗੋਪਾਲ ਧੀਮਾਨ ਅਤੇ ਅਨਿਲ ਕੁਮਾਰ ਦੀ ਅਗਵਾਈ ਵਿੱਚ ਮਾਹਿਲਪੁਰ ਅੱਡਾ ਚੌਕ ਵਿੱਚ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਬੋਲਦਿਆਂ ਧੀਮਾਨ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਛੋਟੇ ਤੇ ਗਰੀਬ ਰੇਹੜੀ-ਫੜ੍ਹੀ ਵਾਲਿਆਂ ਦੇ ਛਾਪੇ ਮਾਰ ਕੇ ਸੁਰਖੀਆਂ ਬਟੋਰਨ ਨਾਲੋਂ ਘਟੀਆ ਲਿਫਾਫ਼ੇ ਬਣਾਉਣ ਵਾਲੀਆਂ ਫੈਕਟਰੀਆਂ ਦੇ ਪ੍ਰਬੰਧਕਾਂ ਨਾਲ ਤਾਲਮੇਲ ਕਰਕੇ ਪਲਾਸਟਿਕ ਬੰਦ ਕਰਨ ਲਈ ਕੋਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਿੰਗਲ ਵਰਤੋਂ ਵਾਲੀ ਪਲਾਸਟਿਕ ਜ਼ਰੂਰ ਬੰਦ ਹੋਣੀ ਚਾਹੀਦੀ ਹੈ ਪਰ ਸਹੀ ਤਰੀਕੇ ਨਾਲ।
ਉਨ੍ਹਾਂ ਕਿਹਾ ਕਿ ਪਲਾਸਟਿਕ ਦੇ ਬਣ ਰਹੇ ਸਾਰੇ ਪਦਾਰਥ ਸਰਕਾਰ ਦੀ ਸਹਿਮਤੀ ਨਾਲ ਬਣੇ ਹਨ ਅਤੇ ਸਰਕਾਰਾਂ ਨੇ ਹੀ ਇਨ੍ਹਾਂ ਕੰਪਨੀਆਂ ਨੂੰ ਬਣਾਉਣ ਦੀ ਇਜਾਜ਼ਤ ਦਿੱਤੀ ਹੋਈ ਹੈ ਅਤੇ ਸਰਕਾਰਾਂ ਹੀ ਇਨ੍ਹਾਂ ਕੰਪਨੀਆਂ ਤੋਂ ਕਰੋੜਾਂ ਰੁਪਏ ਟੈਕਸ ਵਸੂਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰਾਂ ਇਨ੍ਹਾਂ ਦੀ ਪੈਦਾਵਾਰ ਉਤੇ ਪਾਬੰਦੀ ਲਗਵਾ ਦੇਣਗੀਆਂ ਤਾਂ ਹੇਠਲੇ ਪੱਧਰ ’ਤੇ ਆਪਣੇ ਆਪ ਪਲਾਸਟਿਕ ਵੇਖਣ ਨੂੰ ਵੀ ਨਹੀਂ ਮਿਲੇਗੀ। ਸ੍ਰੀ ਧੀਮਾਨ ਕਿਹਾ ਕਿ ਸਭ ਤੋਂ ਪਹਿਲਾਂ ਸਾਰੀਆਂ ਭੋਜਨ ਨਾਲ ਸਬੰਧਤ ਵਸਤਾਂ ਨੂੰ ਪਲਾਸਟਿਕ ਤੋਂ ਦੂਰ ਕੀਤਾ ਜਾਵੇ।