ਜਗਜੀਤ ਸਿੰਘ
ਮੁਕੇਰੀਆਂ, 3 ਜੁਲਾਈ
ਇੱਥੋਂ ਦੇ ਐੱਸਪੀਐੱਨ ਕਾਲਜ ਮੂਹਰੇ ਬਰਖਾਸਤ ਪ੍ਰੋਫੈਸਰ ਤਰੁਣ ਘਈ ਨੂੰ ਬਹਾਲ ਕਰਨ ਦੀ ਮੰਗ ਲਈ ਲਗਾਇਆ ਦਿਨ ਰਾਤ ਦਾ ਧਰਨਾ ਬਾਰਿਸ਼ ਦੇ ਬਾਵਜੂਦ ਅੱਜ 8ਵੇਂ ਦਿਨ ਜਾਰੀ ਰਿਹਾ। ਐਸੋਸੀਏਸ਼ਨ ਆਫ ਅਨਏਡਿਡ ਕਾਲਜ ਅਧਿਆਪਕ ਪੰਜਾਬ ਅਤੇ ਚੰਡੀਗੜ੍ਹ ਦੇ ਜਨਰਲ ਸਕੱਤਰ ਹਰਜੀਤ ਸਿੰਘ ਦੀ ਅਗਵਾਈ ਵਿੱਚ ਲੱਗੇ ਇਸ ਧਰਨੇ ਨੂੰ ਕਿਸਾਨ ਮਜ਼ਦੂਰ ਹਿੱਤਕਾਰੀ ਸਭਾ, ਕਿਸਾਨ ਸਭਾ ਤੇ ਸਮਾਜ ਸੇਵੀਆਂ ਦਾ ਸਮਰਥਨ ਵੀ ਮਿਲਣ ਲੱਗਾ ਹੈ। ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਐੱਸਪੀਐੱਨ ਕਾਲਜ ਵਿੱਚ ਚੱਲਦੀਆਂ ਬੇਨਿਯਮੀਆਂ ਕਾਰਨ ਪੰਜਾਬ ਯੂਨੀਵਰਸਿਟੀ ਵਲੋਂ ਕਾਲਜ ਨੂੰ ਧਾਰਾ 11.1 ਅਨੁਸਾਰ ਡਿਸਐਫੀਲਿਏਟ ਕਰਨ ਦੀ ਸਿਫ਼ਾਰਿਸ਼ ਕੀਤੀ ਜਾ ਚੁੱਕੀ ਹੈ। ਪੰਜਾਬ ਯੂਨੀਵਰਸਿਟੀ ਦੀ ਰਿਪੋਰਟ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਕਾਲਜ ਕਮੇਟੀ ਵਲੋਂ ਫੰਡਾਂ ਸਬੰਧੀ ਕੋਈ ਕਮੇਟੀ ਨਹੀਂ ਬਣਾਈ ਗਈ ਅਤੇ ਕਾਲਜ ’ਚ ਉੱਠਦੇ ਮਸਲਿਆਂ ਨੂੰ ਵੀ ਗਲਤ ਤਰੀਕੇ ਨਾਲ ਦਬਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਬਰਖਾਸਤ ਕੀਤੇ ਪ੍ਰੋ. ਤਰੁਣ ਘਈ ਨੇ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਤੋਂ ਇਕੱਤਰ ਕੀਤੇ ਪੈਸੇ ਦਾ ਹਿਸਾਬ ਆਰ.ਟੀ.ਆਈ. ਅਧੀਨ ਮੰਗਿਆ ਸੀ ਅਤੇ ਪ੍ਰੋਫੈਸਰ ਘਈ ਸਮੇਤ 10 ਹੋਰ ਪ੍ਰੋਫ਼ੈਸਰ ਮੈਨੇਜਮੈਂਟ ਤੋਂ ਪਿਛਲੇ ਪੰਜ ਸਾਲ ਤੋਂ ਲਗਾਤਾਰ ਆਪਣੇ ਪੂਰੀ ਤਨਖਾਹ ਅਤੇ ਮਾਣ ਭੱਤਿਆਂ ਦੀ ਮੰਗ ਕਰ ਰਹੇ ਸਨ।