ਨਿੱਜੀ ਪੱਤਰ ਪ੍ਰੇਰਕ
ਜਲੰਧਰ, 31 ਮਾਰਚ
ਜਾਅਲੀ ਕਿਤਾਬਾਂ ਛਾਪਣ ਦੇ ਦੋਸ਼ ਹੇਠ ਪੁਲੀਸ ਨੇ ਇੱਥੋਂ ਦੇ ਮਾਈ ਹੀਰਾਂ ਗੇਟ ਵਿੱਚਲੀ ਕਿਰਨ ਬੁੱਕ ਡਿੱਪੂ ਦੇ ਮਾਲਕ ਕਿਰਨ ਆਨੰਦ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਐੱਸਐੱਚਓ ਪਰਮਦੀਨ ਖ਼ਾਨ ਨੇ ਦੱਸਿਆ ਕਿ ਕਿਰਨ ਆਨੰਦ ਖ਼ਿਲਾਫ਼ ਧੋਖਾਧੜੀ ਤੇ ਕਾਪੀ ਰਾਈਟ ਐਕਟ 1957 ਤਹਿਤ ਧਾਰਾ 63/65/420 ਅਧੀਨ ਕੇਸ ਦਰਜ ਕੀਤਾ ਗਿਆ ਹੈ।
ਸਬ ਇੰਸਪੈਕਟਰ ਸੁਖਜੀਤ ਸਿੰਘ ਦੀ ਅਗਵਾਈ ਹੇਠ ਛਾਪਾ ਮਾਰ ਕੇ ਕਿਰਨ ਆਨੰਦ ਨੂੰ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਨੋਇਡਾ ਦੀ ਇਕ ਕੰਪਨੀ ਨੇ ਕਿਰਨ ਆਨੰਦ ’ਤੇ ਜਾਅਲੀ ਕਿਤਾਬਾਂ ਛਾਪਣ ਦਾ ਦੋਸ਼ ਲਾਇਆ ਸੀ। ਨੋਇਡਾ ਦੇ ਗੌਤਮ ਨਗਰ ਸਥਿਤ ਪੀਐੱਮ ਪਬਲਿਸ਼ਰਜ਼ ਕੰਪਨੀ ਨੇ ਜਲੰਧਰ ਦੇ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ ਕਿ 6ਵੀਂ ਤੇ 8ਵੀਂ ਕਲਾਸ ਦੀਆਂ ਉਨ੍ਹਾਂ ਦੀ ਕੰਪਨੀ ਦੀਆਂ ਦੋ ਕਿਤਾਬਾਂ ਕਿਰਨ ਬੁੱਕ ਡਿਪੂ ਵੱਲੋਂ ਜਾਅਲੀ ਛਾਪ ਕੇ ਵੇਚੀਆਂ ਜਾ ਰਹੀਆਂ ਹਨ। ਪੁਲੀਸ ਨੇ ਛਾਪਾ ਮਾਰ ਕੇ ਮੌਕੇ ਤੋਂ ਫੋਟੋ ਸਟੇਟ ਕੀਤੀਆਂ ਕਿਤਾਬਾਂ ਬਰਾਮਦ ਕੀਤੀਆਂ ਹਨ।