ਨਿੱਜੀ ਪੱਤਰ ਪ੍ਰੇਰਕ
ਜਲੰਧਰ, 3 ਨਵੰਬਰ
ਪੰਜਾਬ ਸਟੂਡੈਂਟਸ ਯੂਨੀਅਨ ਨੇ ਕਾਲਜ ਖੁੱਲ੍ਹਵਾਉਣ ਲਈ ਅੱਜ ਵਿਦਿਆਰਥੀਆਂ ਨੂੰ ਗੇਟ ਦੇ ਬਾਹਰ ਆਪ ਹੀ ਕਲਾਸਾਂ ਲਾ ਕੇ ਪੜ੍ਹਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਵਰਜੀਤ ਕੌਰ ਨੇ ਦੱਸਿਆ ਕਿ ਕਰੋਨਾ ਦੀ ਆੜ ਹੇਠ ਬੰਦ ਕੀਤੇ ਵਿਦਿਅਕ ਅਦਾਰੇ ਖੋਲ੍ਹੇ ਨਹੀਂ ਜਾ ਰਹੇ ਜਦਕਿ ਬਹੁਤ ਥਾਵਾਂ ’ਤੇ ਪੰਜਾਬ ਤੇ ਕੇਂਦਰ ਸਰਕਾਰ ਕਰੋਨਾ ਦੇ ਨਿਯਮਾਂ ਨੂੰ ਲਾਗੂ ਕਰਵਾਉਣ ਵਿਚ ਬੁਰੀ ਤਰ੍ਹਾਂ ਫੇਲ੍ਹ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਵਿਦਿਅਕ ਅਦਾਰਿਆਂ ਨੂੰ ਤੁਰੰਤ ਖੋਲ੍ਹਿਆ ਜਾਵੇ। ਅੱਜ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਨੇ ਪੜ੍ਹਨ ਦੇ ਨਾਲ ਨਾਅਰੇਬਾਜ਼ੀ ਕੀਤੀ ਅਤੇ ਵੱਖ-ਵੱਖ ਸਮਾਜ ਪੱਖੀ ਕਵੀਆਂ ਦੀਆਂ ਕਵਿਤਾਵਾਂ ਵੀ ਗਾਈਆਂ। ਇਸ ਮੌਕੇ ਜ਼ਿਲ੍ਹਾ ਸਕੱਤਰ ਰਮਨਦੀਪ, ਸੋਨੀਆ, ਮਨੀਸ਼ ਨੇ ਵੀ ਸੰਬੋਧਨ ਕੀਤਾ।