ਪੱਤਰ ਪ੍ਰੇਰਕ
ਹੁਸ਼ਿਆਰਪੁਰ, 15 ਸਤੰਬਰ
ਸਿਹਤ ਵਿਭਾਗ ਦੀ ਟੀਮ ਨੇ ਅੱਜ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਹੇਠ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਪੇਠਾ ਬਣਾਉਣ ਵਾਲੀਆਂ ਫ਼ੈਕਟਰੀਆਂ ’ਤੇ ਛਾਪੇ ਮਾਰੇ। ਟੀਮ ’ਚ ਫੂਡ ਸੇਫ਼ਟੀ ਅਫ਼ਸਰ ਵਿਵੇਕ ਕੁਮਾਰ ਵੀ ਸ਼ਾਮਲ ਸਨ। ਇਸ ਦੌਰਾਨ ਟੀਮ ਨੇ ਇਕ ਪੇਠਾ ਫ਼ੈਕਟਰੀ ’ਚ ਖਰਾਬ ਹੋ ਚੁੱਕਿਆ ਕਰੀਬ 30 ਕਿਲੋਗ੍ਰਾਮ ਕੱਚਾ ਪੇਠਾ ਨਸ਼ਟ ਕਰਵਾਇਆ। ਜ਼ਿਲ੍ਹਾ ਸਿਹਤ ਅਫ਼ਸਰ ਨੇ ਫ਼ੈਕਟਰੀ ਪ੍ਰਬੰਧਕਾਂ ਦੇ ਲਾਈਸੈਂਸ ਅਤੇ ਖਾਧ ਪਦਾਰਥਾਂ ਦੀ ਮਿਆਦ ਨੂੰ ਵੀ ਚੈਕ ਕੀਤਾ। ਇਸ ਦੌਰਾਨ ਉਨ੍ਹਾਂ ਨੇ ਫ਼ੈਕਟਰੀ ਪ੍ਰਬੰਧਕਾਂ ਨੂੰ ਤਾੜਨਾ ਕੀਤੀ ਕਿ ਫ਼ੈਕਟਰੀਆਂ ਅੰਦਰ ਸਾਫ਼ ਸਫ਼ਾਈ ਦਾ ਖਾਸ ਖਿਆਲ ਰੱਖਿਆ ਜਾਵੇ ਤੇ ਮਿਲਾਵਟਖੋਰੀ ਤੋਂ ਗੁਰੇਜ਼ ਕੀਤਾ ਜਾਵੇ। ਟੀਮ ਵਲੋਂ ਤਿਆਰ ਪੇਠੇ ਦੇ ਨਮੂਨੇ ਲੈ ਕੇ ਜਾਂਚ ਵਾਸਤੇ ਲੈਬਾਰਟਰੀ ਨੂੰ ਭੇਜੇ ਗਏ।