ਪੱਤਰ ਪ੍ਰੇਰਕ
ਹੁਸ਼ਿਆਰਪੁਰ, 28 ਫਰਵਰੀ
ਸਿਹਤ ਵਿਭਾਗ ਦੀ ਟੀਮ ਨੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਦੀ ਅਗਵਾਈ ਹੇਠ ਅੱਜ ਫਗਵਾੜਾ ਸੜਕ ’ਤੇ ਗੁੜ ਬਣਾਉਣ ਵਾਲੇ ਵੇਲਣਿਆਂ ਤੇ ਕਰਿਆਨੇ ਦੀ ਦੁਕਾਨ ’ਤੇ ਛਾਪਾ ਮਾਰ ਕੇ ਗੁੜ, ਸ਼ੱਕਰ, ਸੂਜੀ ਆਦਿ ਦੇ 10 ਨਮੂਨੇ ਭਰੇ। ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਭਰੇ ਗਏ ਨਮੂਨਿਆਂ ਨੂੰ ਅਗਲੇਰੀ ਜਾਂਚ ਲਈ ਖਰੜ ਸਥਿਤ ਲੈਬਾਰਟਰੀ ਨੂੰ ਭੇਜ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੁਹੱਲਾ ਗੋਬਿੰਦ ਨਗਰ ’ਚ ਇਕ ਕਰਿਆਨੇ ਦੀ ਦੁਕਾਨ ’ਚ ਨਾ ਤਾਂ ਸਾਫ਼ ਸਫ਼ਾਈ ਸੀ ਤੇ ਨਾ ਹੀ ਦੁਕਾਨਦਾਰ ਕੋਲ ਲਾਈਸੈਂਸ ਸੀ ਜਿਸ ’ਤੇ ਸਬੰਧਤ ਦੁਕਾਨਦਾਰ ਨੂੰ ਨੋਟਿਸ ਜਾਰੀ ਕੀਤਾ ਗਿਆ। ਜ਼ਿਲ੍ਹਾ ਸਿਹਤ ਅਫ਼ਸਰ ਨੇ ਕਿਹਾ ਕਿ ਖਾਧ ਪਦਾਰਥਾਂ ਦੀ ਵਿਕਰੀ ਕਰਨ ਲਈ ਦੁਕਾਨਦਾਰ, ਰੇਹੜੀ ਮਾਲਕ ਤੇ ਦੁੱਧ ਵਿਕ੍ਰੇਤਾਵਾਂ ਕੋਲ ਲਾਈਸੈਂਸ ਹੋਣਾ ਲਾਜ਼ਮੀ ਹੈ। ਉਨ੍ਹਾਂ ਨੇ ਖਾਧ ਪਦਾਰਥਾਂ ਦੀ ਵਿੱਕਰੀ ਕਰਨ ਵਾਲਿਆਂ ਨੂੰ ਹਦਾਇਤ ਕੀਤੀ ਕਿ ਉਹ ਵਿਭਾਗ ਕੋਲੋਂ ਲਾਈਸੈਂਸ ਜ਼ਰੂਰ ਪ੍ਰਾਪਤ ਕਰਨ। ਉਨ੍ਹਾਂ ਖਾਧ ਪਦਾਰਥ ਵਿਕ੍ਰੇਤਾਵਾਂ ਨੂੰ ਤਾੜਨਾ ਕੀਤੀ ਕਿ ਉਹ ਮਿਲਾਵਟਖੋਰੀ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਸਹਿਣ ਨਹੀਂ ਕੀਤਾ ਜਾਵੇਗਾ ਤੇ ਮਿਲਾਵਟਖੋਰਾਂ ਖ਼ਿਲਾਫ਼ ਸਖ਼ਤੀ ਨਾਲ ਨਿਪਟਿਆ ਜਾਵੇਗਾ।