ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਨਵੰਬਰ
ਕਿਸਾਨਾਂ ਨੂੰ ਡੀਏਪੀ ਖਾਦ ਉਪਲਬਧ ਕਰਵਾਉਣ ਲਈ ਜ਼ਿਲ੍ਹੇ ’ਚ ਵੱਖ-ਵੱਖ ਖਾਦ ਡੀਲਰਾਂ ਦੇ ਗੋਦਾਮਾਂ ’ਤੇ ਛਾਪੇ ਮਾਰੇ ਗਏ। ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਖੇਤੀਬਾੜੀ ਮੰਤਰੀ ਰਣਜੀਤ ਸਿੰਘ ਨਾਭਾ ਦੀਆਂ ਹਦਾਇਤਾਂ ’ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ। ਛਾਪੇ ਮਾਰਨ ਵਾਲੀ ਟੀਮ ਨੇ ਖਾਦ ਡੀਲਰਾਂ ਦੀ ਵੱਡੇ ਪੱਧਰ ’ਤੇ ਚੈਕਿੰਗ ਕੀਤੀ ਤੇ ਸਰਕਾਰੀ ਹਦਾਇਤਾਂ ਅਨੁਸਾਰ ਡੀਏਪੀ ਖਾਦ ਦੇ ਉਪਲਬਧ ਸਟਾਕ ਅਨੁਸਾਰ ਪੰਜ ਬੋਰੇ ਪ੍ਰਤੀ ਕਿਸਾਨ ਮੁਹੱਈਆ ਕਰਵਾਏ।
ਡਾ. ਜਸਵੰਤ ਰਾਏ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਹਿਕਾਰੀ ਸਭਾਵਾਂ ਨੂੰ ਵੀ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਆਪਣੇ ਸਟਾਕ ਦਾ ਮਿਲਾਨ ਪੀਓਐੱਸ ਮਸ਼ੀਨਾਂ ਨਾਲ ਜ਼ਰੂਰ ਕਰਨ। ਡਾ. ਰਾਏ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਫ਼ਸਲਾਂ ਵਾਸਤੇ ਫਾਸਫੋਰਸ ਖ਼ੁਰਾਕੀ ਤੱਤ ਦੀ ਲੋੜ ਪੂਰੀ ਕਰਨ ਲਈ ਐੱਨਪੀਕੇ ਅਤੇ ਨਾਈਟ੍ਰੋਫਾਸਫੇਟ ਵਰਗੀਆਂ ਖਾਦਾਂ ਵੀ ਮਾਰਕੀਟ ’ਚ ਉਪਲਬਧ ਹਨ। ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਲਈ ਇਨ੍ਹਾਂ ਖਾਦਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਡੀਏਪੀ ਖਾਦ ਦੀ ਘਾਟ ਕੌਮੀ ਪੱਧਰ ’ਤੇ ਚੱਲ ਰਹੀ ਹੈ, ਇਸ ਨੂੰ ਮੱਦੇਨਜ਼ਰ ਰੱਖਦਿਆਂ ਕਣਕ ਦੀ ਬਿਜਾਈ ਲੇਟ ਨਾ ਕੀਤੀ ਜਾਵੇ। ਸਾਰੇ ਖਾਦ ਡੀਲਰਾਂ ਅਤੇ ਵਿਕਰੇਤਾ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਬਲਾਕ ਖੇਤੀਬਾੜੀ ਅਫ਼ਸਰ ਅਤੇ ਖੇਤੀਬਾੜੀ ਵਿਕਾਸ ਅਫ਼ਸਰ ਦਾ ਮੋਬਾਈਲ ਨੰਬਰ ਮੋਟੇ ਅੱਖਰਾਂ ’ਚ ਆਪਣੀਆਂ ਦੁਕਾਨਾਂ ਤੇ ਗੋਦਾਮਾਂ ਦੇ ਬਾਹਰ ਲਿਖਣ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਕਾਲਾ ਬਾਜ਼ਾਰੀ ਕਰਨ ਵਾਲੇ ਜ਼ਿਲ੍ਹੇ ਦੇ ਇਕ ਖਾਦ ਵਿਕਰੇਤਾ ਦਾ ਲਾਇਸੈਂਸ ਰੱਦ ਕੀਤਾ ਗਿਆ ਸੀ।