ਨਿੱਜੀ ਪੱਤਰ ਪ੍ਰੇਰਕ
ਜਲੰਧਰ, 3 ਨਵੰਬਰ
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਪੀਏਪੀ ਚੌਕ ਵਿਚ ਟ੍ਰੈਫਿਕ ਸਮੱਸਿਆ ਨੂੰ ਦੂਰ ਕਰਨ ਲਈ 32 ਕਰੋੜ ਰੁਪਏ ਦੀ ਲਾਗਤ ਨਾਲ ਮੈਗਾ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਅਗਲੇ ਸਾਲ ਜੂਨ ਦੇ ਅਖੀਰ ਤੱਕ ਮੁਕੰਮਲ ਹੋ ਜਾਵੇਗਾ। ਡਿਪਟੀ ਕਮਿਸ਼ਨਰ ਨੇ ਅੱਜ ਪੀਏਪੀ ਚੌਕ ਵਿਚ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਆਪਣੀ ਫੇਰੀ ਦੌਰਾਨ ਕਿਹਾ ਕਿ ਸ਼ਹਿਰ ਵਾਸੀਆਂ ਦੀ ਮੰਗ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੂੰ ਪੀਏਪੀ ਫਲਾਈਓਵਰ ਤੱਕ ਪਹੁੰਚ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਅੰਮ੍ਰਿਤਸਰ ਵਾਲੇ ਪਾਸੇ ਜਾਣ ਲਈ ਰਾਮਾ ਮੰਡੀ ਚੌਕ ਵਿਚੋਂ ਲੰਘਣ ਦੀ ਲੋੜ ਨਾ ਪਵੇ। ਸ੍ਰੀ ਥੋਰੀ ਨੇ ਦੱਸਿਆ ਕਿ ਪੀਏਪੀ ਰੇਲਵੇ ਕਰਾਸਿੰਗ ਵਿਖੇ ਇਕ ਨਵਾਂ ਰੇਲਵੇ ਓਵਰ ਬ੍ਰਿਜ (ਆਰਓਬੀ) ਬਣਾਉਣ ਲਈ 32 ਕਰੋੜ ਰੁਪਏ ਲਾਗਤ ਵਾਲੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਨਵੇਂ ਆਰਓਬੀ ਤੱਕ ਪਹੁੰਚਣ ਲਈ ਇਕ ਨਵਾਂ ਰੈਂਪ ਵੀ ਬਣਾਇਆ ਜਾਵੇਗਾ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਦੇ ਪ੍ਰਾਜੈਕਟ ਡਾਇਰੈਕਟਰ ਯਸ਼ਪਾਲ ਸਰਮਾ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਪ੍ਰਾਜੈਕਟਾਂ ਦੀ ਰੂਪ ਰੇਖਾ ਆਖਰੀ ਪੜਾਅ ਵਿੱਚ ਹੈ, ਜੂਨ 2021 ਦੇ ਅੰਤ ਤੱਕ ਪੂਰਾ ਪ੍ਰਾਜੈਕਟ ਮੁਕੰਮਲ ਹੋ ਜਾਵੇਗਾ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੀਏਪੀ ਚੌਕ ਵਿਚ ਟ੍ਰੈਫਿਕ ਜੰਕਸ਼ਨ ਨੂੰ ਸੁਧਾਰਨ ਲਈ ਇਕ ਹੋਰ ਪ੍ਰਾਜੈਕਟ ਚੱਲ ਰਿਹਾ ਹੈ, ਜਿਸ ’ਤੇ ਤਕਰੀਬਨ 7 ਕਰੋੜ ਰੁਪਏ ਖਰਚ ਕੀਤੇ ਜਾਣਗੇ। ਥੋਰੀ ਨੇ ਕਿਹਾ ਕਿ ਪੀਏਪੀ ਚੌਕ ਵਿਚ ਟ੍ਰੈਫਿਕ ਦੇ ਪ੍ਰਵਾਹ ਨੂੰ ਸੁਚਾਰੂ ਤੇ ਨਿਰਵਿਘਨ ਬਣਾਉਣ, ਸੜਕ ਹਾਦਸਿਆਂ ਨੂੰ ਘੱਟ ਕਰਨ ਅਤੇ ਉਥੇ ਹੋਰ ਸੁੰਦਰੀਕਰਨ ਦੇ ਕੰਮਾਂ ਤੋਂ ਇਲਾਵਾ ਗੋਲ ਚੌਕ ਦੀ ਉਸਾਰੀ ਕੀਤੀ ਜਾ ਰਹੀ ਹੈ।