ਬਲਾਚੌਰ (ਗੁਰਦੇਵ ਸਿੰਘ ਗਹੂੰਣ): ਇਲਾਕੇ ਵਿੱਚ ਹੋ ਰਹੀ ਹਲਕੀ ਤੋਂ ਦਰਮਿਆਨੀ ਬਾਰਿਸ਼ ਨੇ ਜਿੱਥੇ ਕਣਕ ਦੀ ਵਢਾਈ ਅਤੇ ਗਹਾਈ ਨੂੰ ਰੋਕ ਲਗਾ ਦਿੱਤੀ ਹੈ, ਉੱਥੇ ਮੰਡੀਆਂ ਵਿਚਲੇ ਖ਼ਰੀਦ ਪ੍ਰਬੰਧਾਂ ਨੂੰ ਵੀ ਤਹਿਸ਼-ਨਹਿਸ਼ ਕਰ ਕੇ ਰੱਖ ਦਿੱਤਾ ਹੈ। ਬੱਦਲਵਾਈ ਕਾਰਨ ਵਿਗੜ ਰਹੇ ਮੌਸਮ ਨੇ ਕਿਸਾਨਾਂ ਦੇ ਸਾਹ ਪਹਿਲਾਂ ਹੀ ਸੂਤੇ ਹੋਏ ਸਨ, ਪਰ ਅੱਜ ਸ਼ਾਮ ਹੋਈ ਬਾਰਸ਼ ਨੇ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੋਰ ਵੀ ਫ਼ਿਕਰਾਂ ਵਿੱਚ ਪਾ ਦਿੱਤਾ ਹੈ। ਇਸ ਨਾਲ ਖੇਤਾਂ ਵਿੱਚ ਵੱਢੀ ਹੋਈ ਕਣਕ ਦੇ ਸੱਥਰ ਰੁਲ ਰਹੇ ਹਨ, ਉੱਥੇ ਮੰਡੀਆਂ ਵਿੱਚ ਲਿਆਂਦੀ ਗਈ ਕਣਕ ਨੂੰ ਮੀਂਹ ਤੋਂ ਬਚਾਉਣ ਹਿਤ ਤਰਪਾਲਾਂ ਦੇ ਪ੍ਰਬੰਧ ਕਰਨੇ ਪੈ ਰਹੇ ਹਨ। ਇਸ ਦੇ ਸਿੱਟੇ ਵਜੋਂ ਕਿਸਾਨਾਂ ਦੀ ਖੱਜਲ-ਖੁਆਰੀ ਹੋਰ ਵਧ ਗਈ ਹੈ। ਖ਼ਬਰ ਲਿਖੇ ਜਾਣ ਤੱਕ ਮੀਂਹ ਦੀ ਕਿਣਮਿਣ ਜਾਰੀ ਸੀ ਜਿਸ ਨਾਲ ਕਿਸਾਨਾਂ ਦੀ ਜਾਨ ਮੁੱਠੀ ਵਿੱਚ ਆਈ ਹੋਈ ਹੈ। ਮੌਸਮ ਵਿਭਾਗ ਵਲੋਂ ਬੁੱਧਵਾਰ ਨੂੰ ਵੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੋਈ ਹੈ।