ਪੱਤਰ ਪ੍ਰੇਰਕ
ਤਲਵਾੜਾ, 18 ਸਤੰਬਰ
ਇੱਥੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਸੱਦੇ ’ਤੇ ਪੈਨਸ਼ਨਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਰੈਲੀ ਕੀਤੀ ਗਈ। ਸਥਾਨਕ ਤਹਿਸੀਲ ਕੰਪਲੈਕਸ ਸਾਹਮਣੇ ਇਕਾਈ ਪ੍ਰਧਾਨ ਗਿਆਨ ਸਿੰਘ ਗੁਪਤਾ ਦੀ ਅਗਵਾਈ ਹੇਠ ਕੀਤੀ ਰੈਲੀ ਵਿੱਚ ਪਸਸਫ਼ ਤੋਂ ਰਾਜੀਵ ਸ਼ਰਮਾ, ਪੰਚਾਇਤ ਯੂਨੀਅਨ ਤੋਂ ਨਵਲ ਕਿਸ਼ੋਰ ਮਹਿਤਾ ਅਤੇ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਤੋਂ ਕੈਪਟਨ ਰਾਜੇਸ਼ ਕੁਮਾਰ, ਮਨੋਜ ਪਲਾਹੜ ਅਤੇ ਅਸ਼ੋਕ ਜਲੇਰੀਆ, ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ ਤਲਵਾੜਾ ਤੋਂ ਕੁੰਦਨ ਲਾਲ ਸ਼ਾਮਲ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਪੰਜਾਬ ਸਰਕਾਰ ’ਤੇ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਤੋਂ ਭੱਜਣ ਦੇ ਦੋਸ਼ ਲਗਾਏ। ਬੁਲਾਰਿਆਂ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸਮਾਂ ਦੇ ਕੇ ਮੀਟਿੰਗ ਨਾ ਕਰਨ ’ਤੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ਼ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਪੰਜਾਬ ਸਰਕਾਰ ਦੇ ਰਵਈਏ ਤੋਂ ਦੁਖੀ ਪੈਨਸ਼ਨਰਾਂ ਨੇ ਅਗਾਮੀ ਜ਼ਿਮਨੀ ਚੋਣਾਂ ਵਿਚ ‘ਆਪ’ ਨੂੰ ਸਬਕ ਸਿਖਾਉਣ ਦਾ ਅਹਿਦ ਲਿਆ। ਇਸ ਦੌਰਾਨ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਸੰਘਰਸ਼ ਦਾ ਸਮਰਥਨ ਕੀਤਾ ਗਿਆ। ਪੈਨਸ਼ਨਰਾਂ ਨੇ ਬਾਅਦ ਵਿੱਚ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ।
ਤਰਨ ਤਾਰਨ (ਪੱਤਰ ਪ੍ਰੇਰਕ): ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵਲੋਂ ਅੱਜ ਇਥੇ ਜ਼ਿਲ੍ਹਾ ਪ੍ਰਬੰਧਕ ਕੰਪਲੈਕਸ ਵਿੱਚ ਡਿਪਟੀ ਕਮਿਸ਼ਨਰ ਦੀ ਗੈਰਮੌਜੂਦਗੀ ਵਿੱਚ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਕੈਸ਼ਲੈੱਸ ਮੈਡੀਕਲ ਸਹੂਲਤ ਦੇਣ, ਪੇਅ-ਕਮਿਸ਼ਨ ਦਾ ਸਾਢੇ ਪੰਜ ਸਾਲ ਦਾ ਬਕਾਇਆ, ਡੀ ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, ਮੈਡੀਕਲ ਭੱਤਾ ਦੋ ਹਜ਼ਾਰ ਰੁਪਏ ਕਰਨ ਆਦਿ ਦੀ ਮੰਗ ਕੀਤੀ ਹੈ|
ਗੁਰਦਾਸਪੁਰ (ਪੱਤਰ ਪ੍ਰੇਰਕ): ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਜ਼ਿਲ੍ਹਾ ਗੁਰਦਾਸਪੁਰ ਦੇ ਪੈਨਸ਼ਨਰਾਂ ਵੱਲੋਂ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਜ਼ਿਲ੍ਹਾ ਪੱਧਰੀ ਰੈਲੀ ਕੀਤੀ ਗਈ। ਰੈਲੀ ਦੀ ਅਗਵਾਈ ਜਵੰਦ ਸਿੰਘ, ਮਹੇਸ਼ ਲਾਲ, ਪ੍ਰੀਤਮ ਸਿੰਘ, ਦਵਿੰਦਰ ਸਿੰਘ, ਮੱਖਣ ਕੁਹਾੜ, ਸੁਰੇਸ਼ ਸ਼ਰਮਾ, ਸਵਿੰਦਰ ਸਿੰਘ ਔਲਖ ਆਦਿ ਨੇ ਕੀਤੀ।