ਹਰਪ੍ਰੀਤ ਕੌਰ
ਹੁਸ਼ਿਆਰਪੁਰ, 15 ਜੂਨ
ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਤੇ ਨਗਰ ਨਿਗਮ ਵੱਲੋਂ ਮਿਉਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਅੱਜ 34ਵੇਂ ਦਿਨ ਰੋਸ ਮਾਰਚ ਤੇ ਹੱਲਾ ਬੋਲ ਰੈਲੀ ਕੀਤੀ ਗਈ। ਕਰਨਜੋਤ ਆਦੀਆ ਤੇ ਦਲੀਪ ਕੁਮਾਰ ਦੀਪੂ ਦੀ ਅਗਵਾਈ ਹੇਠ ਹੋਈ ਇਸ ਰੈਲੀ ਵਿੱਚ ਜ਼ਿਲ੍ਹੇ ਭਰ ਤੋਂ ਮੁਲਾਜ਼ਮ ਸ਼ਾਮਿਲ ਹੋਏ। ਸ਼ਹੀਦ ਧੰਨਾ ਸਿੰਘ ਪਾਰਕ ’ਚ ਮੀਟਿੰਗ ਕਰਨ ਮਗਰੋਂ ਮੁਲਾਜ਼ਮ ਮਾਰਚ ਕਰਦਿਆਂ ਮਿਨੀ ਸਕੱਤਰੇਤ ਪੁੱਜੇ ਜਿੱਥੇ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਵੱਖ-ਵੱਖ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਆਲੋਚਨਾ ਕੀਤੀ। ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਕੁਲਵੰਤ ਸਿੰਘ ਸੈਣੀ ਨੇ ਦੱਸਿਆ ਕਿ ਸਰਕਾਰ ਨਾਲ ਜਥੇਬੰਦੀਆਂ ਦੀਆਂ 4 ਵਾਰ ਮੀਟਿੰਗਾਂ ਹੋਈਆਂ ਜੋ ਬੇਸਿੱਟਾ ਰਹੀਆਂ। ਉਨ੍ਹਾਂ ਮੁਲਾਜ਼ਮਾਂ ਨੂੰ ਇਕਜੁੱਟ ਹੋ ਕੇ ਸੰਘਰਸ਼ ਨੂੰ ਜਾਰੀ ਰੱਖਣ ਦਾ ਸੱਦਾ ਦਿੱਤਾ।
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ ਦੇ ਸਤੀਸ਼ ਰਾਣਾ ਨੇ ਵੀ ਮਿਉਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਨੂੰ ਸਮਰਥਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕੱਚੇ ਕਰਮਚਾਰੀਆਂ ਦੀਆਂ ਮੰਗਾਂ ਦਾ ਨਿਪਟਾਰਾ ਤੁਰੰਤ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਰੈਲੀ ਨੂੰ ਕੁਲਜਿੰਦਰ ਸਿੰਘ ਘੁੰਮਣ, ਜਗਜੀਤ ਸਿੰਘ ਗਿੱਲ, ਰੌਸ਼ਨ ਲਾਲ, ਜਗਤਾਰ ਸਿੰਘ, ਖੁਸ਼ੀ ਰਾਮ, ਮਹਿੰਦਰ ਸਿੰਘ ਹੀਰ, ਬ੍ਰਹਮ ਸ਼ੰਕਰ ਜਿੰਪਾ, ਜਸਪਾਲ ਚੇਚੀ, ਸੋਮ ਨਾਥ ਆਦੀਆ ਅਤੇ ਜਸਵੀਰ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ।