ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 3 ਜੁਲਾਈ
ਪੇਂਡੂ ਮਜ਼ਦੂਰ ਯੂਨੀਅਨ ਵਲੋਂ ਜਥੇਬੰਦੀ ਦੀਆਂ ਮੰਗਾਂ ਦੇ ਹੱਕ ਵਿੱਚ ਸੜੋਆ ਬਲਾਕ ਦੇ ਪਿੰਡ ਪੈਲੀ ਵਿਖੇ ਮੀਟਿੰਗ ਕੀਤੀ ਗਈ ਜੋ ਰੈਲੀ ਦਾ ਰੂਪ ਧਾਰ ਗਈ। ਮੀਟਿੰਗ ਵਿੱਚ ਜਥੇਬੰਦੀ ਦੇ ਤਹਿਸੀਲ ਪ੍ਰਧਾਨ ਅਸ਼ੋਕ ਕੁਲਾਰ ਅਤੇ ਸਕੱਤਰ ਬਗੀਚਾ ਸਿੰਘ ਸਹੂੰਗੜਾ ਨੇ ਆਪਣੇ ਸੰਬੇਧਨ ਵਿੱਚ ਕਿਹਾ ਕਿ ਜਥੇਬੰਦੀ ਵਲੋਂ ਮਨਰੇਗਾ ਤਹਿਤ ਕੇਂਦਰ ਸਰਕਾਰ ਦੇ 100 ਦਿਨ ਦੇ ਰੁਜ਼ਗਾਰ ਦੇ ਨਾਲ-ਨਾਲ ਪੰਜਾਬ ਸਰਕਾਰ ਵਲੋਂ 200 ਦਿਨ ਦਾ ਰੋਜ਼ਗਾਰ ਦੇਣ, ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇਣ ਅਤੇ ਮਜ਼ਦੂਰਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਪਿੰਡ ਪੱਧਰੀ ਸੰਘਰਸ਼ ਕਰਨ ਹਿਤ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਮਾਡਲ ਲਾਗੂ ਕਰਨ ਦੀਆਂ ਟਾਹਰਾਂ ਮਾਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਮਜ਼ਦੂਰ ਵਿਰੋਧੀ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਗਾਰੰਟੀ ਦੇ ਬਾਵਜੂਦ ਮਨਰੇਗਾ ਤਹਿਤ 100 ਦਿਨ ਮਿਲਣ ਵਾਲਾ ਰੁਜ਼ਗਾਰ ਵੀ ਮਹਿਜ਼ 20 ਦਿਨ ਤੱਕ ਸਿਮਟ ਕੇ ਰਹਿ ਗਿਆ ਹੈ, ਕਈ ਪਿੰਡਾਂ ਵਿੱਚ ਲੋਕ ਕੰਮ ਨੂੰ ਤਰਸ ਰਹੇ ਹਨ, ਪ੍ਰੰਤੂ ਕੰਮ ਨਹੀਂ ਮਿਲ ਰਿਹਾ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਮਨਰੇਗਾ ਤਹਿਤ ਕੇਂਦਰ ਸਰਕਾਰ ਵਲੋਂ ਦਿੱਤੇ ਜਾਂਦੇ 100 ਦਿਨ ਦੇ ਰੁਜ਼ਗਾਰ ਦੇ ਨਾਲ-ਨਾਲ 200 ਦਿਨ ਰੁਜ਼ਗਾਰ ਦੇਣ ਦੀ ਗਾਰੰਟੀ ਦੇਵੇ, ਕੰਮ ਉੱਪਰ ਹਾਜ਼ਰ ਹੋਣ ’ਤੇ ਦਿਹਾੜੀ ਦੀ ਹੋ ਰਹੀ ਕਟੌਤੀ ਬੰਦ ਕੀਤੀ ਜਾਵੇ ਅਤੇ ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣ। ਇਸ ਮੌਕੇ ਗੁਰਦਿਆਲ ਸਿੰਘ, ਨਿਰਮਲ ਸਿੰਘ, ਦਰਬਾਰਾ ਸਿੰਘ, ਦਿਲਬਾਗ ਸਿੰਘ, ਬਿਮਲਾ ਰਾਣੀ, ਅੰਜੂ ਰਾਣੀ, ਪਰਮਜੀਤ ਕੌਰ, ਕਿਰਨਾਂ ਰਾਣੀ, ਅਮਨਪ੍ਰੀਤ ਕੌਰ ਸੁਖਵਿੰਦਰ ਕੌਰ ਅਤੇ ਰਣਵੀਰ ਕੌਰ ਆਦਿ ਵੀ ਮੌਜੂਦ ਸਨ।