ਪੱਤਰ ਪ੍ਰੇਰਕ
ਗੜ੍ਹਸ਼ੰਕਰ, 12 ਸਤੰਬਰ
ਇਸ ਤਹਿਸੀਲ ਦੇ ਪਿੰਡ ਰਾਮਪੁਰ ਬਿਲੜੋਂ ਵਿੱਚ ਗੁਰਦੁਆਰੇ ਦੇ ਸਾਹਮਣੇ ਤੋਂ ਲੰਘਦੀ ਫਿਰਨੀ ’ਤੇ ਖੜੇ ਮੀਂਹ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਦਾ ਅੱਜ ਸ਼੍ਰੋਮਣੀ ਅਕਾਲ ਦਲ ਦੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਜਾਇਜ਼ਾ ਲਿਆ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਉਨ੍ਹਾਂ ਨਾਲ ਅਕਾਲੀ ਦਲ ਦੇ ਆਗੂ ਹਰਜੀਤ ਸਿੰਘ ਭਾਤਪੁਰੀ, ਅਕਾਲੀ ਦਲ ਦੇ ਐੱਸਸੀ ਵਿੰਗ ਦੇ ਇੰਚਾਰਜ ਸੁੱਚਾ ਸਿੰਘ, ਡਾ. ਲਖਵਿੰਦਰ ਸਿੰਘ ਸਮੇਤ ਪਿੰਡ ਰਾਮ ਪੁਰ ਦੇ ਅਨੇਕਾਂ ਵਸਨੀਕ ਹਾਜ਼ਰ ਸਨ। ਇਸ ਮੌਕੇ ਸ੍ਰੀ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਨੂੰ ਅਕਾਲੀ ਦਲ ਦੀ ਸਰਕਾਰ ਵੇਲੇ ਲੱਖਾਂ ਦੀਆਂ ਗਰਾਂਟਾਂ ਰਿਲੀਜ਼ ਹੋਈਆਂ ਸਨ, ਉਹ ਪਿੰਡ ਕਾਂਗਰਸ ਰਾਜ ਵੇਲੇ ਗਲੀਆਂ ਨਾਲੀਆਂ ਦੀ ਮੁਰੰਮਤ ਨੂੰ ਵੀ ਤਰਸ ਗਏ ਹਨ। ਇਸ ਮੌਕੇ ਪਿੰਡ ਦੇ ਵਸਨੀਕਾਂ ਸੇਵਾ ਮੁਕਤ ਥਾਣੇਦਾਰ ਕੁਲਦੀਪ ਸਿੰਘ, ਬਲਵੀਰ ਸਿੰਘ, ਸੂਬੇਦਾਰ ਸੁਰਮੁੱਖ ਸਿੰਘ, ਬਲਵਿੰਦਰ ਸਿੰਘ ਆਦਿ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਅੱਗੇ ਤੋਂ ਲੰਘਦੀ ਇਸ ਗਲੀ ਦਾ ਨਿਰਮਾਣ ਹੋਇਆਂ ਵੀਹ ਸਾਲ ਹੋ ਗਏ ਹਨ ਅਤੇ ਇਸ ਵੇਲੇ ਹਲਕੇ ਮੀਂਹ ਨਾਲ ਇਹ ਗਲੀ ਗੰਦੇ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ।
ਇਸ ਮੌਕੇ ਸ੍ਰੀ ਭੁੱਲੇਵਾਲ ਰਾਠਾਂ ਨੇ ਪ੍ਰਸ਼ਾਸਨ ਦੇ ਸਬੰਧਤ ਅਧਿਕਾਰੀਆਂ ਨੂੰ ਇਸ ਸਮੱਸਿਆ ਦਾ ਤੁਰੰਤ ਹੱਲ ਕਰਨ ਲਈ ਕਿਹਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਕੁੱਝ ਮਹੀਨੇ ਹੀ ਬਾਕੀ ਹਨ ਤੇ ਅਕਾਲੀ ਦਲ ਬਸਪਾ ਗਠਜੋੜ ਦੀ ਸਰਕਾਰ ਬਣਨ ’ਤੇ ਹੀ ਇਸ ਸੜਕ ਦਾ ਤੁਰੰਤ ਨਵੀਨੀਕਰਨ ਕੀਤਾ ਜਾਵੇਗਾ।