ਪਾਲ ਸਿੰਘ ਨੌਲੀ
ਜਲੰਧਰ, 6 ਅਕਤੂਬਰ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਨੂੰ ਇੱਕ ਹੋਰ ਝਟਕਾ ਦਿੰਦਿਆਂ ਚੰਨੀ ਸਰਕਾਰ ਨੇ ਜਲੰਧਰ ਛਾਉਣੀ ਤੋਂ ਟਿਕਟ ਦੇ ਦਾਅਵੇਦਾਰਾਂ ’ਚ ਗਿਣੇ ਜਾਂਦੇ ਰਾਣਾ ਰੰਧਾਵਾ ਨੂੰ ਨਗਰ ਸੁਧਾਰ ਟਰੱਸਟ ਕਰਤਾਰਪੁਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ ’ਤੇ ਨਿਤਿਨ ਅਗਰਵਾਲ ਨੂੰ ਨਵਾਂ ਚੇਅਰਮੈਨ ਥਾਪਿਆ ਗਿਆ ਹੈ ਤੇ ਉਨ੍ਹਾਂ ਨੇ ਆਪਣਾ ਅਹੁਦਾ ਵੀ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਰਾਣਾ ਰੰਧਾਵਾ ਕਰਤਾਰਪੁਰ ਤੋਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸਨ ਪਰ ਉਨ੍ਹਾਂ ਦੀ ਜ਼ਿਆਦਾ ਸਰਗਰਮੀ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਵਿੱਚ ਦੇਖਣ ਨੂੰ ਮਿਲ ਰਹੀ ਸੀ, ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦੇ ਸਨ। ਰਾਣਾ ਰੰਧਾਵਾ ਨੇ ਹੀ ਸਭ ਤੋਂ ਪਹਿਲਾਂ ਜਲੰਧਰ ਛਾਉਣੀ ਵਿੱਚ ਹੋਰਡਿੰਗ ਲਾਉਣ ਦੀ ਮੁਹਿੰਮ ਚਲਾਈ ਸੀ, ਜਿਸ ’ਤੇ ਇਹ ਲਿਖਿਆ ਸੀ ‘ਕੈਪਟਨ ਤਾਂ ਇਕ ਹੀ ਹੁੰਦਾ ਹੈ।’ ਇਸ ਦੇ ਨਾਲ ਹੀ ‘2022 ਦੀਆਂ ਚੋਣਾਂ ਲਈ ਕੈਪਟਨ ਹੀ ਦੁਬਾਰਾ’ ਦੇ ਹੋਰਡਿੰਗ ਲਾਏ ਹੋਏ ਸਨ। ਇਨ੍ਹਾਂ ਹੋਰਡਿੰਗਜ਼ ਦੀ ਭਰਮਾਰ ਨਾਲ ਇਹ ਗੱਲ ਉੱਭਰ ਕੇ ਸਾਹਮਣੇ ਆ ਰਹੀ ਸੀ ਕਿ ਜਲੰਧਰ ਛਾਉਣੀ ਵਿੱਚ 2022 ਦੀਆਂ ਚੋਣਾਂ ਲਈ ਟਿਕਟ ਦੀ ਦਾਅਵੇਦਾਰੀ ’ਚ ਰਾਣਾ ਰੰਧਾਵਾ ਵੀ ਸ਼ਾਮਲ ਹਨ ਤੇ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਥਾਪੜਾ ਦੱਸਿਆ ਜਾ ਰਿਹਾ ਸੀ।
ਤੇਜ਼ੀ ਨਾਲ ਬਦਲੇ ਰਾਜਨੀਤਕ ਸਮੀਕਰਨਾਂ ਨੇ ਬਾਜ਼ੀ ਹੀ ਪਲਟ ਦਿੱਤੀ ਹੈ। ਪੰਜਾਬ ਵਿਚ ਮੁੱਖ ਮੰਤਰੀ ਦੀ ਕੁਰਸੀ ’ਤੇ ਚਰਨਜੀਤ ਸਿੰਘ ਚੰਨੀ ਦੇ ਬੈਠਣ ਨਾਲ ਹੀ ਨਗਰ ਸੁਧਾਰ ਟਰੱਸਟਾਂ ਦੇ ਉਨ੍ਹਾਂ ਚੇਅਰਮੈਨਾਂ ਨੂੰ ਸਭ ਤੋਂ ਪਹਿਲਾਂ ਨਿਸ਼ਾਨਾ ਬਣਾਇਆ ਗਿਆ ਸੀ ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਅਹੁਦਾ ਛੱਡਣ ਤੋਂ ਕੁਝ ਸਮਾਂ ਪਹਿਲਾਂ ਹੀ ਬਦਲਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਨਵਜੋਤ ਸਿੰਘ ਸਿੱਧੂ ਦੇ ਵਿਰੋਧੀਆਂ ਨੂੰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਬਣਾਇਆ ਸੀ। ਚੰਨੀ ਦੇ ਮੁੱਖ ਮੰਤਰੀ ਬਣਦਿਆਂ ਸਾਰ ਹੀ ਸਭ ਤੋਂ ਪਹਿਲਾਂ ਇਨ੍ਹਾਂ ਚੇਅਰਮੈਨਾਂ ਨੂੰ ਚੱਲਦਾ ਕੀਤਾ ਗਿਆ ਹੈ। ਦੋਆਬੇ ਵਿਚ ਪਰਗਟ ਸਿੰਘ ਖੇਡ ਤੇ ਐੱਨਆਰਆਈਜ਼ ਮੰਤਰੀ ਬਣਨ ਨਾਲ ਸਿਆਸੀ ਤੌਰ ’ਤੇ ਤਕੜੇ ਹੋਏ ਹਨ।