ਦਲੇਰ ਸਿੰਘ ਚੀਮਾ
ਭੁਲੱਥ, 28 ਅਪਰੈਲ
ਹਲਕਾ ਭੁਲੱਥ ਵਿਚ ਪੈਂਦੇ ਪਿੰਡ ਮੂਸਾਖੇਲ ਵਿੱਚ 70 ਸਾਲਾਂ ਦੀ ਬਿਰਧ ਔਰਤ ਨਾਲ ਉਸ ਦੇ ਹੀ ਪੁੱਤਰ ਵੱਲੋਂ ਅੱਜ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ ਗਿਆ। ਪੁਲੀਸ ਨੇ ਪੀੜਤ ਔਰਤ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੁੱਤਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਹਨ ਜੋ ਉਸ ਦੇ ਨਾਲ ਹੀ ਰਹਿੰਦੇ ਹਨ ਤੇ ਛੋਟਾ ਲੜਕਾ ਜਲੰਧਰ ਫੈਕਟਰੀ ਵਿੱਚ ਕੰਮ ’ਤੇ ਗਿਆ ਹੋਇਆ ਸੀ ਤੇ ਵੱਡਾ ਪੁੱਤਰ ਘਰ ਵਿੱਚ ਹੀ ਸੀ। ਔਰਤ ਅਨੁਸਾਰ ਉਸ ਦੇ ਵੱਡੇ ਮੁੰਡੇ ਦਾ ਵਿਆਹ ਹੋਇਆ ਸੀ ਜਿਸ ਦਾ ਤਲਾਕ ਹੋ ਚੁੱਕਾ ਹੈ ਤੇ ਰਾਤ ਇਕ ਵਜੇ ਦੇ ਕਰੀਬ ਉਸ ਦੇ ਲੜਕੇ ਨੇ ਉਸ ਨੂੰ ਦਬੋਚ ਲਿਆ ਤੇ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ। ਬਿਰਧ ਔਰਤ ਨੇ ਆਪਣੇ ਬਚਾਅ ਲਈ ਰੌਲਾ ਪਾਇਆ ਪਰ ਖੁਦ ਨੂੰ ਬਚਾਅ ਨਹੀਂ ਸਕੀ। ਉਸ ਨੇ ਸਵੇਰੇ ਪੰਜ ਵਜੇ ਆਪਣੀ ਭੈਣ ਨੂੰ ਘਟਨਾ ਬਾਰੇ ਦੱਸਿਆ ਤੇ ਭੁਲੱਥ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ।
ਪਠਾਨਕੋਟ (ਐੱਨਪੀ ਧਵਨ): ਥਾਣਾ ਧਾਰਕਲਾਂ ਦੀ ਪੁਲੀਸ ਨੇ ਇੱਕ ਵਿਅਕਤੀ ਖਿਲਾਫ਼ ਜਬਰ-ਜਨਾਹ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੀੜਤ ਲੜਕੀ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਉਸ ਦੀ ਮਾਸੀ ਦੇ ਘਰ ਪਿੰਡ ਰੰਗੜਵਾਂ ਵਿੱਚ ਉਸ ਦੀ ਮਾਸੀ ਦਾ ਦੂਰ ਦਾ ਰਿਸ਼ਤੇਦਾਰ ਲਖਵਿੰਦਰ ਸਿੰਘ ਵਾਸੀ ਪਿੰਡ ਭਨਵਾਲ ਉਸ ਦੇ ਘਰ ਪਿੰਡ ਨਰਾਇਣਪੁਰ ਆਇਆ ਤੇ ਉਸ ਨਾਲ ਜਬਰ-ਜਨਾਹ ਕੀਤਾ। ਇਸ ਤੋਂ ਬਾਅਦ ਲਖਵਿੰਦਰ ਸਿੰਘ ਨੇ ਉਸ ਨਾਲ ਵਿਆਹ ਕਰਵਾਉਣ ਦੀ ਨੀਅਤ ਨਾਲ ਕਈ ਵਾਰ ਸਬੰਧ ਬਣਾਏ।