ਪੱਤਰ ਪ੍ਰੇਰਕ
ਫਿਲੌਰ, 23 ਮਈ
ਵਿਦੇਸ਼ ਦੀ ਧਰਤੀ ’ਤੇ ਰੋਜ਼ੀ-ਰੋਟੀ ਕਮਾਉਣ ਲਈ ਜਾ ਰਹੇ ਪਿੰਡ ਗੰਨਾ ਦੇ ਨੌਜਵਾਨ ਧਰਮਿੰਦਰ ਦੀ ਰਸਤੇ ’ਚ ਹੀ ਹੋਈ ਮੌਤ ਉਪਰੰਤ ਅੱਜ ਪਿੰਡ ਵਾਸੀਆਂ ਨੇ ਧਰਨ ਲਾਇਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਮ੍ਰਿਤਕ ਦਾ ਉਸ ਸਮੇਂ ਤੱਕ ਸਸਕਾਰ ਨਹੀਂ ਕਰਨਗੇ, ਜਦੋਂ ਤੱਕ ਮੁਲਜ਼ਮਾਂ ਨੂੰ ਕਾਬੂ ਨਹੀਂ ਕੀਤਾ ਜਾਂਦਾ। ਧਰਨੇ ਦੀ ਅਗਵਾਈ ਕਰ ਰਹੇ ਕਾਂਤੀ ਮੋਹਣ ਨੇ ਦੋਸ਼ ਲਾਇਆ ਕਿ ਏਜੰਟਾਂ ਦੀ ਗਲਤ ਨੀਤੀ ਕਾਰਨ ਹੀ ਧਰਮਿੰਦਰ ਦੀ ਮੌਤ ਹੋਈ ਹੈ। ਡੀਐੱਸਪੀ ਦਫ਼ਤਰ ਅੱਗੇ ਲਾਏ ਧਰਨੇ ’ਚ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪਰਿਵਾਰ ਦਾ ਦੋਸ਼ ਸੀ ਕਿ ਇਸ ਮਾਮਲੇ ਵਿੱਚ ਸਾਰੇ ਲੋੜੀਂਦੇ ਲੋਕਾਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ ਸਗੋਂ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਇੱਕ ਵਿਅਕਤੀ ਨੂੰ ਕਥਿਤ ਤੌਰ ’ਤੇ ਛੱਡ ਦਿੱਤਾ ਗਿਆ। ਇਸ ਮਾਮਲੇ ਨੂੰ ਲੈ ਕੇ ਧਰਨਾਕਾਰੀਆਂ ਨੇ ਸਪੱਸ਼ਟ ਕੀਤਾ ਕਿ ਉਹ ਓਨੇ ਸਮੇਂ ਤੱਕ ਸਸਕਾਰ ਨਹੀਂ ਕਰਨਗੇ, ਜਿੰਨਾ ਚਿਰ ਸਾਰੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ।