ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 16 ਦਸੰਬਰ
ਨਾਰਵੇ ਦੀ ਓਸਲੋ ਪ੍ਰੋਵਿੰਸ਼ੀਅਲ ਅਸੈਂਬਲੀ ਦੇ ਮੈਂਬਰ ਡੈਨੀ ਚੌਧਰੀ ਅੱਜ ਪਿੰਡ ਨਿਝਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਜਨਰਲ ਸਕੱਤਰ ਤਜਿੰਦਰ ਸਿੰਘ ਨਿੱਝਰ ਦੇ ਘਰ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਪੁੱਜੇ।
ਮੂਲ ਰੂਪ ਤੋਂ ਪਾਕਿਸਤਾਨ ਦੇ ਕੋਠਾ ਗੁੱਜਰਾਂ, ਤਹਿਸੀਲ ਖਾਰੀਆਂ ਦੇ ਵਸਨੀਕ ਸ੍ਰੀ ਚੌਧਰੀ ਨੇ ਦੱਸਿਆ ਕਿ ਉਹ ਅੱਠ ਸਾਲ ਦੀ ਉਮਰ ਵਿੱਚ ਆਪਣੇ ਮਾਪਿਆਂ ਨਾਲ ਨਾਰਵੇ ਚਲੇ ਗਏ ਸਨ। ਅੱਜ-ਕੱਲ੍ਹ ਉਹ ਨਿੱਜੀ ਦੌਰੇ ’ਤੇ ਚੜ੍ਹਦੇ ਪੰਜਾਬ ਆਏ ਹੋਏ ਹਨ। ਇਸ ਦੌਰਾਨ ਨਾਰਵੇ ਵਿੱਚ ਭਾਰਤੀ ਤੇ ਪਾਕਿਸਤਾਨੀ ਵਸੋਂ ਦੇ ਸਬੰਧਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਨਾਰਵੇ ਵਿੱਚ ਦੋਵੇਂ ਦੇਸ਼ਾਂ ਦੇ ਵਸਨੀਕ ਮਿਲ-ਜੁਲ ਕੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਵਿਚਾਲੇ ਰਿਸ਼ਤੇ ਸੁਖਾਲੇ ਹੋਣ ਤਾਂ ਦੋਵੇਂ ਦੇਸ਼ਾਂ ਦੇ ਵਸਨੀਕ ਆਪਸ ਵਿੱਚ ਰਲ-ਮਿਲ ਕੇ ਰਹਿ ਸਕਦੇ ਹਨ।
ਨਾਰਵੇ ਵਿੱਚ ਹੁੰਦੇ ਕੰਮ-ਕਾਰ ਬਾਰੇ ਗੱਲ ਕਰਦਿਆਂ ਸ੍ਰੀ ਡੈਨੀ ਨੇ ਦੱਸਿਆ ਕਿ ਉੱਥੇ ਸਿਆਸੀ ਆਗੂਆਂ ਨੂੰ ਸੁਰੱਖਿਆ ਮੁਲਾਜ਼ਮ ਨਹੀਂ ਮਿਲਦੇ ਅਤੇ ਪ੍ਰਧਾਨ ਮੰਤਰੀ ਵੀ ਆਮ ਲੋਕਾਂ ਵਾਂਗ ਸਾਈਕਲ ’ਤੇ ਜਾਂਦੇ ਦਿਖਾਈ ਦਿੰਦੇ ਹਨ। ਜ਼ਿਕਰਯੋਗ ਹੈ ਕਿ ਡੈਨੀ ਚੌਧਰੀ ਤੀਜੀ ਵਾਰ ਨਾਰਵੇ ਦੇ ਐੱਮਪੀਏ ਬਣ ਕੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਆਪਣੇ ਪਿਛੋਕੜ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਉਨ੍ਹਾਂ ਦੇ ਪੁਰਖੇ ਰਾਜਸਥਾਨ ਵਿੱਚ ਰਹਿੰਦੇ ਸਨ। ਸ੍ਰੀ ਡੈਨੀ ਨੂੰ ਘੋੜਿਆਂ ਦਾ ਬਹੁਤ ਸ਼ੌਕ ਹੈ ਅਤੇ ਤਿੰਨ ਸਾਲ ਪਹਿਲਾਂ ਉਨ੍ਹਾਂ ਆਪਣੇ ਫਾਰਮ ਹਾਊਸ ਵਿੱਚ ਰੱਖਣ ਲਈ ਸੰਗਰੂਰ ਇਲਾਕੇ ’ਚੋਂ ਇੱਕ ਘੋੜਾ ਖਰੀਦਿਆ ਸੀ।