ਨਿੱਜੀ ਪੱਤਰ ਪ੍ਰੇਰਕ
ਜਲੰਧਰ, 21 ਜੁਲਾਈ
ਬਾਬੇ ਨਾਨਕ ਦੀ ਨਗਰੀ ਦੇ ਤੌਰ ’ਤੇ ਜਾਣੇ ਜਾਂਦੇ ਇਤਿਹਾਸਕ ਕਸਬੇ ਸੁਲਤਾਨਪੁਰ ਲੋਧੀ ਦੇ ਗੁਰਧਾਮਾਂ ਬਾਰੇ ਲਿਖੀ ਕਿਤਾਬ ਪਵਿੱਤਰ ਕਾਲੀ ਵੇਈਂ ਕਿਨਾਰੇ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਵਿੱਚ ਲੋਕ ਅਰਪਣ ਕੀਤੀ ਗਈ। ਲੇਖਕ ਡਾ. ਆਸਾ ਸਿੰਘ ਘੁੰਮਣ ਦੀ ਇਹ ਕਿਤਾਬ ਖੋਜ ਅਧਾਰਿਤ ਹੈ। ਸਾਉਣ ਮਹੀਨੇ ਦੌਰਾਨ ਲੱਗੀ ਝੜੀ ਦੌਰਾਨ ‘ਸੁਲਤਾਨਪੁਰ ਲੋਧੀ ਇਤਿਹਾਸਕ ਗੁਰਧਾਮ’ ਨਾਂ ਦੀ ਕਿਤਾਬ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ, ਸੰਤ ਭਾਗ ਸਿੰਘ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਧਰਮਵੀਰ ਸਿੰਘ, ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਬੀ.ਐੱਡ ਕਾਲਜਿਜ਼ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ. ਸੁਖਵਿੰਦਰ ਸਿੰਘ ਰੰਧਾਵਾ, ਡਾ. ਕੇਐੱਸ ਬਾਜਵਾ ਰਿਟਾ. ਮੁਖੀ ਪੰਜਾਬ ਹਿਸਟੋਰੀਕਲ ਸਟੱਡੀਜ਼ ਪੀਯੂ, ਪ੍ਰੋ. ਸੂਬਾ ਸਿੰਘ, ਸਿਰਜਣਾ ਕੇਂਦਰ ਦੀ ਸਰਪ੍ਰਸਤ ਤੇ ਪ੍ਰਿੰਸੀਪਲ ਪ੍ਰੋਮਿਲਾ ਅਰੋੜਾ, ਸ਼ੈਲਿੰਦਰਜੀਤ ਸਿੰਘ ਰਾਜਨ ਬਾਬਾ ਬਕਾਲਾ, ਡੀਐੱਫਐੱਸਓ ਰਤਨ ਸਿੰਘ ਸੰਧੂ, ਮੱਸਾ ਸਿੰਘ, ਸਵਰਨ ਸਿੰਘ ਤੇ ਹੋਰ ਸਖਸ਼ੀਅਤਾਂ ਨੇ ਸਾਂਝੇ ਤੌਰ ’ਤੇ ਰਿਲੀਜ਼ ਕੀਤੀ। ਡਾ. ਆਸਾ ਸਿੰਘ ਘੁੰਮਣ ਨੇ ਕਿਹਾ ਕਿ ਅਜੇ ਵੀ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਪਹਿਲੂਆਂ ਨੂੰ ਹੋਰ ਖੋਜਣ ਦੀ ਲੋੜ ਹੈ। ਸਟੇਜ ਦਾ ਸੰਚਾਲਨ ਪ੍ਰੋ. ਰਾਮ ਮੂਰਤੀ ਨੇ ਬਾਖੂਬੀ ਕੀਤਾ।
ਬਰਸਾਤ ਦੀ ਆਮਦ ’ਤੇ ਸਾਹਿਤਕ ਮਹਿਫ਼ਿਲ
ਅੰਮ੍ਰਿਤਸਰ (ਪੱਤਰ ਪ੍ਰੇਰਕ): ਸਾਉਣ ਮਹੀਨੇ ਦੀ ਪਹਿਲੀ ਬਰਸਾਤ ਦੀ ਆਮਦ ’ਤੇ ਅੱਜ ਜਨਵਾਦੀ ਲੇਖਕ ਸੰਘ ਵੱਲੋਂ ਸਾਹਿਤਕ ਮਹਿਫ਼ਿਲ ਰਚਾਈ ਗਈ। ਫ਼ਿਲਮ ਅਤੇ ਰੰਗ ਮੰਚ ਦੀ ਸੁਪਰ ਹਿੱਟ ਜੋੜੀ ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਦੇ ਘਰ ਇਹ ਅਦਬੀ ਮਹਿਫ਼ਲ ਰਚੀ ਗਈ। ਸਮਾਗਮ ਦਾ ਸੰਚਾਲਨ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕੀਤਾ। ਰਚਨਾਵਾਂ ਦੇ ਚੱਲੇ ਦੌਰ ਵਿੱਚ ਸ਼ਾਇਰ ਦੇਵ ਦਰਦ, ਸ਼ਾਇਰ ਐੱਸ, ਨਸੀਮ ਹੁਰਾਂ ਨੇ ਹਾਜ਼ਰੀ ਭਰੀ। ਕੈਨੇਡਾ ਤੋਂ ਉਚੇਚੇ ਤੌਰ ਤੇ ਆਏ ਹੀਰਾ ਰੰਧਾਵਾ , ਹਰਮੀਤ ਆਰਟਿਸਟ ਅਤੇ ਨਾਟਕਕਾਰ ਨਰਿੰਦਰ ਸਾਂਘੀ ਨੇ ਵੀ ਆਪੋ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਇਸ ਮੌਕੇ ਸੁਹੇਲ ਮਾਛੀਵਾੜਾ, ਮੋਹਿਤ ਸਹਿਦੇਵ, ਕੋਮਲ ਅਤੇ ਆਮੀਨ ਗਿੱਲ ਹਾਜ਼ਰ ਸਨ।