ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 17 ਜੂਨ
ਬਲਾਕ ਲੋਹੀਆਂ ਖਾਸ ਦੇ ਪਿੰਡ ਜਲਾਲਪੁਰ ਖੁਰਦ ਦੀ 12 ਏਕੜ ਪੰਚਾਇਤੀ ਜ਼ਮੀਨ ’ਤੇ 8 ਸਾਲਾਂ ਤੋਂ ਕੀਤੇ ਨਾਜਾਇਜ਼ ਕਬਜ਼ੇ ਨੂੰ ਅਧਿਕਾਰੀਆਂ ਨੇ ਛੁਡਾ ਲਿਆ। ਜ਼ਮੀਨ ਦਾ ਕਬਜ਼ਾ ਲੈਣ ਤੋਂ ਬਾਅਦ ਪੰਚਾਇਤ ਵਿਭਾਗ ਨੇ ਜ਼ਮੀਨ ਦੀ ਖੁੱਲ੍ਹੀ ਬੋਲ੍ਹੀ ਕਰਾ ਕੇ ਇਕ ਸਾਲ ਵਾਸਤੇ ਜ਼ਮੀਨ ਇਕ ਲੱਖ ਇਕਾਹਠ ਹਜ਼ਾਰ ਤਿੰਨ ਸੌ ਰੁਪਏ ’ਚ ਠੇਕੇ ’ਤੇ ਚੜ੍ਹਾ ਦਿੱਤੀ। ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਲੋਹੀਆਂ ਖਾਸ ਗੁਰਪ੍ਰੀਤ ਸਿੰਘ ਤੇ ਬਲਾਕ ਵਿਕਾਸ ਤੇ ਪੰਚਾਇਤ ਅਫਸ਼ਰ ਲੋਹੀਆਂ ਖਾਸ ਭੁਪਿੰਦਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਜਲਾਲਪੁਰ ਖੁਰਦ ਦੀ ਪੰਚਾਇਤੀ ਜ਼ਮੀਨ ’ਤੇ 8 ਸਾਲਾਂ ਤੋਂ ਪਿੰਡ ਦੇ 9 ਕਿਸਾਨਾਂ ਨੇ ਕਬਜ਼ਾ ਕੀਤਾ ਸੀ।
ਡਿਪਟੀ ਕਮਿਸ਼ਨਰ ਜਲੰਧਰ ਦੇ ਹੁਕਮਾਂ ਨਾਲ ਇਸ ਜ਼ਮੀਨ ਨੂੰ ਛੁਡਾਉਣ ਲਈ ਕਾਰਵਾਈ ਆਰੰਭੀ ਸੀ। ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤ, ਪਟਵਾਰੀ, ਸਬੰਧਿਤ ਵਿਭਾਗ ਦੇ ਕਰਮਚਾਰੀਆਂ ਤੇ ਪੁਲੀਸ ਦੀ ਮਦਦ ਨਾਲ ਪਿੰਡ ਜਲਾਲਪੁਰ ਖੁਰਦ ਦੀ 12 ਏਕੜ ਜ਼ਮੀਨ ਦਾ ਕਾਬਜ਼ਧਾਰੀਆਂ ਕੋਲੋਂ ਕਬਜ਼ਾ ਲੈਣ ’ਚ ਕਾਮਯਾਬ ਹੋਏ। ਉਨ੍ਹਾਂ ਕਿਹਾ ਛੁਡਾਈ ਜ਼ਮੀਨ ਪੰਚਾਇਤ ਹਵਾਲੇ ਕਰਨ ਤੋਂ ਬਾਅਦ ਕਰਵਾਈ ਗਈ ਖੁੱਲ੍ਹੀ ਬੋਲੀ ’ਚ 10 ਕਿਸਾਨਾਂ ਨੇ ਇਕ ਸਾਲ ਲਈ 1 ਲੱਖ 61 ਹਜ਼ਾਰ 300 ਰੁਪਏ ਠੇਕੇ ’ਤੇ ਲੈ ਲਈ ਹੈ। ਇਸ ਮੌਕੇ ਸਰਪੰਚ ਬਲਵਿੰਦਰ ਕੌਰ,ਆਪ ਆਗੂ ਜਸਵੀਰ ਜਲਾਲਪੁਰੀ, ਬਲਵੀਰ ਸਿੰਘ, ਪੰਚਾਇਤ ਅਫਸ਼ਰ ਰੁਪੇਸ਼ ਕੁਮਾਰ ਸੱਦੀ, ਪਟਵਾਰੀ ਜਗਰੂਪ ਸਿੰਘ ਹਾਜ਼ਰ ਸੀ।