ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 9 ਜੂਨ
ਪਿੰਡ ਖੋਜਕੀਪੁਰ ਵਿੱਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਜ਼ਿਲ੍ਹਾ ਜਲੰਧਰ ਦੀਆਂ ਹਦਾਇਤਾਂ ’ਤੇ ਪੁਲੀਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਿੰਡ ਖੋਜਕੀਪੁਰ ਦੀ ਪੰਚਾਇਤੀ ਜ਼ਮੀਨ ਉੱਤੇ ਕੀਤੇ ਨਾਜਾਇਜ਼ ਕਬਜ਼ੇ ਨੂੰ ਛੁਡਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਗੁਰਦੇਵ ਕੌਰ ਖੋਜਕੀਪੁਰ, ਤੁਲਸੀ ਰਾਮ ਸਾਬਕਾ ਸਰਪੰਚ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਖੋਜਕੀਪੁਰ ਦੀ ਸ਼ਾਮਲਾਟ ਜ਼ਮੀਨ 15 ਮਰਲੇ ਜੋ ਲਾਲ ਲਕੀਰ ਦੇ ਅੰਦਰ ਹੈ ਅਤੇ ਜਿਸ ’ਤੇ ਬੱਚਿਆਂ ਦੇ ਖੇਡਣ ਲਈ ਇੱਕ ਪਾਰਕ ਜਿਸ ਵਿੱਚ ਬੱਚਿਆਂ ਦੇ ਖੇਡਣ ਲਈ ਪੰਘੂੜੇ, 40 ਛਾਂਦਾਰ ਦਰੱਖਤ ਲਾਏ ਗਏ ਸਨ, ਉਪਰ ਮਹਿੰਦਰ ਸਿੰਘ, ਕੁਲਵੀਰ ਸਿੰਘ, ਬਲਦੀਪ ਸਿੰਘ ਵਾਸੀ ਪਿੰਡ ਖੋਜਕੀਪੁਰ, ਇਕਬਾਲਜੀਤ ਸਿੰਘ ਅਤੇ ਅਮਰਜੀਤ ਸਿੰਘ ਪਿੰਡ ਨੰਗਲ ਫੀਦਾ ਵੱਲੋਂ ਦਰੱਖਤ ਕੱਟ ਕੇ ਅਤੇ ਪੰਘੂੜੇ ਤੋੜ ਕੇ ਨਾਜਾਇਜ਼ ਕਬਜ਼ਾ ਕਰ ਕੇ ਉਸ ਦੀ ਚਾਰਦੀਵਾਰੀ ਕਰ ਲਈ ਗਈ ਸੀ।
ਉਨ੍ਹਾਂ ਦੱਸਿਆ ਇਸ ਨਾਜਾਇਜ਼ ਕਬਜ਼ੇ ਸਬੰਧੀ ਬਾਲ ਵਿਕਾਸ ਅਤੇ ਪੰਚਾਇਤ ਅਫਸਰ ਦੀ ਜਾਂਚ ਕਰਨ ਅਤੇ ਕਾਨੂੰਨ ਮਾਹਿਰਾਂ ਦੀ ਰਾਏ ਲੈਣ ਉਪਰੰਤ ਹੀ ਕਾਬਜ਼ਕਾਰਾਂ ਖ਼ਿਲਾਫ਼ ਕੇਸ ਨੰਬਰ 225, 06/10/2020 ਧਾਰਾ 447.448.427 ਆਈਪੀਸੀ ਤਹਿਤ ਥਾਣਾ ਆਦਮਪੁਰ ਵਿੱਚ ਦਰਜ ਕੀਤਾ ਗਿਆ।
ਡੀ.ਡੀ.ਪੀ.ਓ. ਜਲੰਧਰ ਨੇ ਦੱਸਿਆ ਕਿ ਡਿਊਟੀ ਮੈਜਿਸਟਰੇਟ ਹਰਮਿੰਦਰਪਾਲ ਡੀਐੱਸਪੀ ਚੰਦਰ ਸ਼ੇਖਰ. ਬੀਡੀਪੀਓ ਭੋਗਪੁਰ, ਗੁਰਮੁਖ ਸਿੰਘ ਪੰਚਾਇਤ ਅਫਸਰ, ਐੱਸਐੱਚਓ ਆਦਮਪੁਰ ਬਲਵਿੰਦਰ ਸਿੰਘ ਜੌੜਾ, ਐੱਸਐੱਚਓ ਪਤਾਰਾ ਅਰਸ਼ਪ੍ਰੀਤ ਕੌਰ, ਐੱਸਐੱਚਓ ਭੋਗਪੁਰ ਸਮੇਤ ਭਾਰੀ ਪੁਲੀਸ ਪਾਰਟੀ ਦੀ ਅਗਵਾਈ ਹੇਠ ਅੱਜ ਜ਼ਮੀਨ ਵਿੱਚ ਮਸ਼ੀਨ ਲਾ ਕੇ ਚਾਰਦੀਵਾਰੀ ਢਾਹ ਕੇ ਇਹ ਮਲਬਾ ਬਾਹਰ ਸੁੱਟਿਆ ਗਿਆ ਹੈ। ਮਗਰੋਂ ਗ੍ਰਾਮ ਪੰਚਾਇਤ ਖੋਜਕੀਪੁਰ ਨੂੰ ਇਸਦਾ ਕਬਜ਼ਾ ਦਿਵਾਇਆ ਗਿਆ ਹੈ।
ਪ੍ਰਸ਼ਾਸਨ ਵੱਲੋਂ ਸਰਾਸਰ ਧੱਕਾ ਕੀਤਾ ਗਿਆ:ਮਹਿੰਦਰ ਸਿੰਘ ਖੋਜਕੀਪੁਰ
ਇਸ ਸਬੰਧੀ ਦੂਜੀ ਧਿਰ ਦੇ ਮਹਿੰਦਰ ਸਿੰਘ ਖੋਜਕੀਪੁਰ ਨੇ ਦੱਸਿਆ ਕਿ ਉਨ੍ਹਾਂ ਨਾਲ ਪ੍ਰਸ਼ਾਸਨ ਵੱਲੋਂ ਸਰਾਸਰ ਧੱਕਾ ਕੀਤਾ ਗਿਆ ਹੈ ਕਿਉਂਕਿ ਇਸ ਜ਼ਮੀਨ ਦਾ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਅਤੇ ਗੁਰਪ੍ਰੀਤ ਸਿੰਘ ਖਹਿਰਾ ਆਈਏਐੱਸ ਡਾਇਰੈਕਟਰ ਪੇਂਡੂ ਵਿਕਾਸ ਪੰਚਾਇਤ ਵਿਭਾਗ ਵੱਲੋਂ ਉਨ੍ਹਾਂ ਨੂੰ ਸਟੇ ਦਿੱਤਾ ਗਿਆ ਸੀ। ਅਗਲੀ ਤਾਰੀਕ 17-6-22 ਨੂੰ ਉਨ੍ਹਾਂ ਨੇ ਪੇਸ਼ ਹੋਣਾ ਸੀ, ਪਰ ਅਦਾਲਤ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਬੀ.ਡੀ.ਪੀ.ਓ., ਗ੍ਰਾਮ ਪੰਚਾਇਤ ਤਅੇ ਤਿੰਨ ਥਾਣਿਆਂ ਦੀ ਪੁਲੀਸ ਨੇ ਉਨ੍ਹਾਂ ਕੋਲੋਂ ਧੱਕੇ ਨਾਲ ਕਬਜ਼ਾ ਲੈ ਲਿਆ ਅਤੇ ਉਥੋਂ ਸਾਡਾ ਸਾਰਾ ਸਾਮਾਨ ਚੁੱਕ ਕੇ ਲੈ ਗਏ।