ਪਾਲ ਸਿੰਘ ਨੌਲੀ
ਜਲੰਧਰ, 16 ਜੂਨ
ਜ਼ਿਲ੍ਹਾ ਪ੍ਰਸ਼ਾਸਨ ਨੇ ਕਰੋਨਾ ਦੇ ਘਟ ਰਹੇ ਕੇਸਾਂ ਦੇ ਮੱਦੇਨਜ਼ਰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਜਾਰੀ ਇਨ੍ਹਾਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਦੇ ਸਾਰੇ ਰੈਸਟੋਰੈਂਟ, ਕੈਫੇ, ਫਾਸਟ ਫੂਡ, ਢਾਬੇ, ਸਿਨੇਮਾ, ਜਿਮ ਅਤੇ ਮਿਊਜ਼ੀਅਮ 50 ਫੀਸਦੀ ਸਮਰੱਥਾ ਨਾਲ ਖੁੱਲ੍ਹ ਸਕਣਗੇ। ਬਾਰ, ਪੱਬ ਤੇ ਅਹਾਤਿਆਂ ਨੂੰ ਕੋਈ ਛੋਟ ਨਹੀਂ ਦਿੱਤੀ ਗਈ ਤੇ ਇਹ ਪਹਿਲਾਂ ਵਾਂਗ ਬੰਦ ਰਹਿਣਗੇ। ਇਸ ਤੋਂ ਇਲਾਵਾ ਸਕੂਲ ਅਤੇ ਕਾਲਜ ਵੀ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ।
ਰੋਜ਼ਾਨਾ ਲੱਗਣ ਵਾਲੇ ਕਰਫ਼ਿਊ ’ਚ ਲੋਕਾਂ ਨੂੰ ਦੋ ਘੰਟੇ ਦੀ ਰਾਹਤ ਦਿੱਤੀ ਗਈ ਹੈ। ਸ਼ਾਮ ਛੇ ਵਜੇ ਤੋਂ ਲੱਗਣ ਵਾਲਾ ਕਰਫਿਊ ਹੁਣ ਰਾਤ ਅੱਠ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਲੱਗੇਗਾ। ਐਤਵਾਰ ਨੂੰ ਕਰਫ਼ਿਊ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ ਪਰ ਸਾਰੇ ਬਾਜ਼ਾਰ ਖੋਲ੍ਹਣ ਦੀ ਛੋਟ ਦੇ ਦਿੱਤੀ ਗਈ ਹੈ। ਹੁਕਮਾਂ ਮੁਤਾਬਕ ਹੁਣ ਜਲੰਧਰ ’ਚ ਬਾਜ਼ਾਰ ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹ ਸਕਣਗੇ। ਲੋਕਾਂ ਦੇ ਇਕੱਠ ਕਰਨ ਦੇ ਮਾਮਲੇ ਵਿੱਚ ਵੀ ਰਾਹਤ ਦਿੱਤੀ ਗਈ ਹੈ। ਪਹਿਲਾਂ ਜਿੱਥੇ 20 ਜਣਿਆਂ ਦਾ ਹੀ ਇਕੱਠ ਕੀਤਾ ਜਾ ਸਕਦਾ ਸੀ, ਹੁਣ ਉਸ ਵਿੱਚ ਵਾਧਾ ਕਰਕੇ 50 ਵਿਅਕਤੀਆਂ ਦੇ ਇਕੱਠ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਯਾਤਰੀਆਂ ਨੂੰ ਸਹੂਲਤ ਦਿੰਦਿਆਂ ਸਾਧਾਰਨ ਬੱਸਾਂ ਆਪਣੀ ਪੂਰੀ ਸਮਰੱਥਾ ਨਾਲ ਚੱਲ ਸਕਣਗੀਆਂ ਜਦਕਿ ਏਸੀ ਬੱਸਾਂ ਅੱਧੀ ਸਮਰੱਥਾ ਦੇ ਨਾਲ ਯਾਤਰੀਆਂ ਨੂੰ ਸਰਵਿਸ ਦੇ ਸਕਣਗੀਆਂ। ਹਸਪਤਾਲਾਂ, ਦਵਾਈਆਂ, ਕੈਮੀਕਲ ਤੇ ਫਾਰਮੇਸੀ ਨਾਲ ਜੁੜੇ ਹੋਏ ਯੂਨਿਟਾਂ ਨੂੰ ਕਿਸੇ ਵੀ ਤਰ੍ਹਾਂ ਦੀ ਰੋਕ ਤੋਂ ਬਾਹਰ ਰੱਖਿਆ ਗਿਆ ਹੈ। ਇਸੇ ਤਰ੍ਹਾਂ ਲੈਬਾਰਟਰੀਆਂ, ਫਾਰਮਾਸਿਊਟੀਕਲ ਲੈਬ, ਕਲੀਨਿਕ, ਨਰਸਿੰਗ ਹੋਮ ਐਂਬੂਲੈਂਸ ਆਦਿ ਟਰਾਂਸਪੋਰਟ ਕਿਸੇ ਵੀ ਸਮੇਂ ਪਛਾਣ ਪੱਤਰ ਦੇ ਨਾਲ ਆਪਣੀ ਸਰਵਿਸ ਦੇ ਸਕਣਗੇ।