ਪੱਤਰ ਪ੍ਰੇਰਕ
ਨਵਾਂ ਸ਼ਹਿਰ, 9 ਜਨਵਰੀ
ਦੋਆਬਾ ਤੋਂ ਆਪਣਾ ਸਿਆਸੀ ਸਫ਼ਰ ਤਹਿ ਕਰਨ ਵਾਲੀ ਬਹੁਜਨ ਸਮਾਜ ਪਾਰਟੀ ਦੇ ਭਵਿੱਖ ਦਾ ਫ਼ੈਸਲਾ ਵੀ ਉਸ ਵਲੋਂ ਇਸ ਖੇਤਰ ਦੀਆਂ ਲੜੀਆਂ ਜਾ ਰਹੀਆਂ ਚਾਰ ਮੁੱਖ ਸੀਟਾਂ ਹੀ ਤਹਿ ਕਰਨਗੀਆਂ। ਇਹੀ ਕਾਰਨ ਹੈ ਕਿ ਪਾਰਟੀ ਨੇ ਇਨ੍ਹਾਂ ਸੀਟਾਂ ਉੱਤੇ ਆਪਣੇ ਚਾਰ ਮੋਹਰੀ ਅਹੁਦੇਦਾਰਾਂ ਨੂੰ ਮੈਦਾਨ ’ਚ ਉਤਾਰਿਆ ਹੈ।
ਬਸਪਾ ਨੇ ਆਪਣੇ ਨਵੇਂ ਗੱਠਜੋੜ ਤਹਿਤ ਭਾਵੇਂ ਮਾਲਵਾ, ਮਾਝਾ ਤੇ ਪੁਆਧ ’ਚੋਂ ਹਿੱਸੇ ਆਏ ਘੱਟ ਫ਼ੀਸਦੀ ਵੋਟ ਪ੍ਰਾਪਤ ਵਾਲੇ ਹਲਕਿਆਂ ’ਚ ਵੀ ਉਮੀਦਵਾਰ ਦਿੱਤੇ ਹਨ ਪਰ ਦੋਆਬੇ ’ਚ ਮਜ਼ਬੂਤ ਜਨ ਆਧਾਰ ਰੱਖਣ ਵਾਲੇ ਉਕਤ ਹਲਕਿਆਂ ’ਤੇ ਵੱਧ ਟੇਕ ਰਹੇਗੀ।
ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਖ਼ੁਦ ਹਲਕਾ ਫ਼ਗਵਾੜਾ ਅਤੇ ਜਨਰਲ ਸਕੱਤਰ ਡਾ. ਨਛੱਤਰ ਪਾਲ ਹਲਕਾ ਨਵਾਂ ਸ਼ਹਿਰ ਤੋਂ ਚੋਣ ਮੈਦਾਨ ’ਚ ਹਨ। ਉਨ੍ਹਾਂ ਇਸ ਵਾਰ ਦੀਆਂ ਚੋਣਾਂ ਨੂੰ ਪੰਜਾਬ ਅਤੇ ਪਾਰਟੀ ਦਾ ਸਾਂਝਾ ਭਵਿੱਖ ਦੱਸਿਆ। ਪਾਰਟੀ ਦੇ ਸੂਬਾਈ ਆਗੂ ਐਡਵੋਕੇਟ ਬਲਵਿੰਦਰ ਪਾਲ ਹਲਕਾ ਕਰਤਾਰਪੁਰ ਤੋਂ ਚੋਣ ਮੈਦਾਨ ’ਚ ਜਿਨ੍ਹਾਂ ਨੇ ਪਿਛਲੀ ਵਾਰ ਲੋਕ ਸਭਾ ਚੋਣਾਂ ਵੇਲੇ ਜਲੰਧਰ ਹਲਕੇ ਤੋਂ ਦੋ ਲੱਖ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਸਨ। ਦੋਆਬਾ ’ਚ ਬਸਪਾ ਦੀ ਮਜ਼ਬੂਤੀ ਨੂੰ ਮੁੱਖ ਰੱਖਦਿਆਂ ਹਲਕਾ ਸ਼ਾਮ ਚੁਰਾਸੀ ਤੋਂ ਇੰਜ. ਮਹਿੰਦਰ ਸਿੰਘ ਸੰਧਰ ਨੂੰ ਅਕਾਲੀ ਦਲ ਵਲੋਂ ਆਪਣੇ ਸਾਬਕਾ ਵਜ਼ੀਰ ਦੀ ਟਿਕਟ ਕੱਟ ਕੇ ਮੈਦਾਨ ਖਾਲੀ ਕਰ ਦਿੱਤਾ ਗਿਆ।
ਦੋਆਬੇ ਅੰਦਰ ਬਸਪਾ ਤੋਂ ਅੱਡ ਹੋਏ ਸ਼੍ਰੋਮਣੀ ਅਕਾਲੀ ਦਲ ਵਲੋਂ ਦੋਆਬੇ ਦੇ ਹੀ ਹਲਕਾ ਫ਼ਿਲੌਰ, ਬੰਗਾ ਅਤੇ ਆਦਮਪੁਰ ਤੋਂ ਕ੍ਰਮਵਾਰ ਵਿਧਾਇਕ ਤੇ ਮੁੜ ਬਣਾਏ ਉਮੀਦਵਾਰ ਬਲਦੇਵ ਸਿੰਘ ਖਹਿਰਾ, ਸੁਖਵਿੰਦਰ ਕੁਮਾਰ ਸੁੱਖੀ ਅਤੇ ਪਵਨ ਕੁਮਾਰ ਟੀਨੂੰ ਦਾ ਵੀ ਬਸਪਾ ਦੇ ਉਕਤ ਉਮੀਦਵਾਰਾਂ ਨੂੰ ਆਸਰਾ ਰਹੇਗਾ। ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਨ ’ਤੇ ਵੀ ਜੇ ਆਪਣੇ ਮਜ਼ਬੂਤ ਖੇਤਰ ਬਸਪਾ ਜਿੱਤ ਤੋਂ ਦੂਰ ਰਹਿੰਦੀ ਹੈ ਤਾਂ ਇਸ ਦੇ ਮੋਢੀ ਆਗੂ ਹਰਭਜਨ ਲਾਖਾ, ਸਤਨਾਮ ਸਿੰਘ ਕੈਂਥ, ਸ਼ਿੰਗਾਰਾ ਰਾਮ ਸਹੂੰਗੜਾ, ਦੇਵੀ ਦਾਸ ਨਾਹਰ, ਡਾ. ਰਾਮ ਲਾਲ ਜੱਸੀ, ਦਰਸ਼ਨ ਸਿੰਘ ਜੇਠੂਮਜਾਰਾ, ਐਮ ਪੀ ਸਿੰਘ ਗੁਰਾਇਆਂ ਆਦਿ ਦਾ ਵਾਰੋ ਵਾਰੀ ਅੱਡ ਹੋਣਾ ਵੀ ਵੱਡਾ ਕਾਰਨ ਬਣੇਗਾ।