ਪੱਤਰ ਪ੍ਰੇਰਕ
ਹੁਸ਼ਿਆਰਪੁਰ, 13 ਮਈ
ਨਿੱਜੀ ਸਕੂਲਾਂ ਵੱਲੋਂ ਮਾਪਿਆਂ ਨੂੰ ਫ਼ੀਸਾਂ ਦੇਣ ਲਈ ਕਥਿਤ ਤੌਰ ’ਤੇ ਮਜਬੂਰ ਕਰਨ ਦੇ ਮਾਮਲੇ ਸਬੰਧੀ ਆਰਟੀਆਈ ਐਕਟਿਵਿਸਟ ਪਰਵਿੰਦਰ ਸਿੰਘ ਕਿੱਤਣਾ ਨੇ ਡਿਪਟੀ ਕਮਿਸ਼ਨਰ, ਜ਼ਿਲ੍ਹਾ ਸਿਖਿਆ ਅਧਿਕਾਰੀ (ਸ) ਅਤੇ ਜ਼ਿਲ੍ਹਾ ਸਿਖਿਆ ਅਧਿਕਾਰੀ (ਅ) ਨੂੰ ਸ਼ਿਕਾਇਤ ਭੇਜੀ ਹੈ। ਸ਼ਿਕਾਇਤ ਵਿਚ ਲਿਖਿਆ ਗਿਆ ਹੈ ਕਿ ਜ਼ਿਲ੍ਹੇ ਦੇ ਕਈ ਨਿੱਜੀ ਸਕੂਲਾਂ ਵਲੋਂ ਬੱਚਿਆਂ ਦੇ ਮਾਪਿਆਂ ’ਤੇ ਫ਼ੀਸ ਤੇ ਹੋਰ ਖਰਚੇ ਜਮ੍ਹਾਂ ਕਰਵਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਇਨ੍ਹਾਂ ਸਕੂਲਾਂ ਵੱਲੋਂ ਆਪਣੇ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਨੂੰ ਪੂਰੀਆਂ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਤੇ ਨਾ ਹੀ ਇਹ ਆਪਣੇ ਸਕੂਲ ਦੇ ਵੇਰਵੇ ਵਿਭਾਗ ਕੋਲ ਜਮ੍ਹਾਂ ਕਰਵਾਉਂਦੇ ਹਨ। ਇੱਥੋਂ ਤੱਕ ਕਿ ਫ਼ੀਸ ਤੇ ਹੋਰ ਖਰਚਿਆਂ ’ਚ ਸਲਾਨਾ ਵਾਧਾ ਕਰਨ ਵੇਲੇ ਸਮਰੱਥ ਅਧਿਕਾਰੀ ਤੋਂ ਮਨਜ਼ੂਰੀ ਵੀ ਨਹੀਂ ਲੈਂਦੇ। ਇਹ ਨਿੱਜੀ ਸਕੂਲਾਂ ਵਾਲੇ ਖੁੱਦ ਵੱਖ-ਵੱਖ ਨਿਯਮਾਂ ਦੀ ਉਲੰਘਣਾ ਕਰਦੇ ਹਨ ਅਤੇ ਬੱਚਿਆਂ ਦੇ ਮਾਪਿਆਂ ਨੂੰ ਫ਼ੋਨ ਕਰਕੇ ਫ਼ੀਸਾਂ ਜਮ੍ਹਾਂ ਕਰਵਾਉਣ ਨੂੰ ਕਹਿ ਰਹੇ ਹਨ ਤੇ ਨਾ ਜਮ੍ਹਾਂ ਕਰਵਾਉਣ ਦੀ ਹਾਲਤ ਵਿਚ ਬੱਚਿਆਂ ਨੂੰ ਪੜ੍ਹਾਈ ਰੋਕਣ ਦੀਆਂ ਧਮਕੀਆਂ ਦਿੰਦੇ ਹਨ, ਜਦੋਂਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਹਨ ਕਿ ਕਿਸੇ ਵੀ ਹਾਲਤ ਵਿਚ ਬੱਚੇ ਦੀ ਪੜ੍ਹਾਈ ਨਹੀਂ ਰੋਕੀ ਜਾ ਸਕਦੀ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਦੀ ਹੋਰ ਜ਼ਿਲ੍ਹਿਆਂ ਵਾਂਗ ਮਾਨਤਾ ਰੱਦ ਕਰਨ ਲਈ ਬਣਦੀ ਕਾਰਵਾਈ ਆਰੰਭੀ ਜਾਵੇ।