ਨਿੱਜੀ ਪੱਤਰ ਪ੍ਰੇਰਕ
ਜਲੰਧਰ, 2 ਅਗਸਤ
ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਸਿਹਤ ਸੇਵਾਵਾਂ ਦੀ ਸਮੀਖਿਆ ਕਰਨ ਲਈ ਜ਼ਿਲ੍ਹੇ ਦੇ ਸਮੂਹ ਡੈਂਟਲ ਡਾਕਟਰਾਂ ਨਾਲ ਮੀਟਿੰਗ ਕੀਤੀ। ਜ਼ਿਲ੍ਹਾ ਡੈਂਟਲ ਅਫਸਰ ਡਾ. ਬਲਜੀਤ ਕੌਰ ਰੂਬੀ ਨੇ ਡੈਂਟਲ ਡਾਕਟਰਾਂ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਡੈਂਟਲ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਡਾ. ਬਲਜੀਤ ਕੌਰ ਰੂਬੀ ਵੱਲੋਂ ਸਮੂਹ ਡੈਂਟਲ ਡਾਕਟਰਾਂ ਨੂੰ ਹਦਾਇਤ ਕੀਤੀ ਗਈ ਕਿ ਬਜ਼ੁਰਗਾਂ ਅਤੇ ਐਮਰਜੈਂਸੀ ਵਾਲੇ ਕੇਸਾਂ ਦਾ ਪਹਿਲ ਦੇ ਆਧਾਰ ’ਤੇ ਇਲਾਜ ਕੀਤਾ ਜਾਵੇ। ਡਿਊਟੀ ਦੌਰਾਨ ਮਰੀਜ਼ ਨਾਲ ਚੰਗਾ ਵਤੀਰਾ ਕਰਦਿਆਂ ਇਲਾਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਕੂਲਾਂ ਦਾ ਦੌਰਾ ਕਰ ਬੱਚਿਆਂ ਦਾ ਡੈਂਟਲ ਚੈਕਅੱਪ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਦੇਖਣ ਸਮੇਂ ਕੋਵਿਡ ਨਿਯਮਾਂ ਦੀ ਪਾਲਣਾ ਦਾ ਖਾਸ ਧਿਆਨ ਰੱਖਿਆ ਜਾਵੇ। ਡਾ. ਬਲਜੀਤ ਕੌਰ ਰੂਬੀ ਵੱਲੋਂ ਸਮੂਹ ਡੈਂਟਲ ਅਫਸਰਾਂ ਨੂੰ ਹਦਾਇਤ ਕੀਤੀ ਗਈ ਕਿ ਹਰ ਬੁੱਧਵਾਰ ਨੂੰ ਮਮਤਾ ਦਿਵਸ ਮੌਕੇ ਆਉਣ ਵਾਲੀਆਂ ਮਾਵਾਂ ਅਤੇ ਗਰਭਵਤੀ ਔਰਤਾਂ ਦਾ ਡੈਂਟਲ ਚੈਕਅੱਪ ਯਕੀਨੀ ਬਣਾਇਆ ਜਾਵੇ। ਨਵੰਬਰ ਮਹੀਨੇ ਵਿੱਚ ਹੋਣ ਵਾਲੇ ਡੈਂਟਲ ਫੋਰਟਨਾਈਟ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਕੈਂਪ ਲਗਾ ਕੇ ਆਮ ਲੋਕਾਂ ਨੂੰ ਦੰਦਾਂ ਦੇ ਰੋਗਾਂ ਦੀ ਜਾਂਚ ਤੇ ਇਲਾਜ ਸਬੰਧੀ ਸਿਹਤ ਸਹੂਲਤ ਦਿੱਤੀ ਜਾਵੇਗੀ।