ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 9 ਅਗਸਤ
ਐਤਵਾਰ ਨੂੰ ਮੁਜ਼ਾਹਰਾਕਾਰੀਆਂ ਤੇ ਪੁਲੀਸ ਨਾਲ ਹੋਏ ਟਕਰਾਅ ਤੋਂ ਬਾਅਦ ਦੇਰ ਰਾਤ ਸ਼ਾਹਕੋਟ ਪੁਲੀਸ ਨੇ 13 ਮੁਜ਼ਾਹਰਾਕਾਰੀਆਂ ਦੇ ਨਾਮ ਉੱਪਰ ਅਤੇ 80/85 ਅਣਪਛਾਤੇ ਵਿਅਕਤੀਆਂ ਵਿਰੁੱਧ ਸਖ਼ਤ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਅਧਿਕਾਰਿਤ ਤੌਰ ’ਤੇ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਗੱਲ ਕਰ ਰਹੀ ਹੈ, ਜਦੋਂ ਕਿ ਇਲਾਕੇ ਵਿਚ ਪੁਲੀਸ ਵੱਲੋਂ ਕਰੀਬ 15/16 ਨੌਜਵਾਨਾਂ ਨੂੰ ਕਾਬੂ ਕਰਕੇ ਵੱਖ-ਵੱਖ ਥਾਣਿਆਂ ਵਿਚ ਬੰਦ ਕੀਤੇ ਜਾਣ ਦੇ ਆਮ ਚਰਚੇ ਹਨ।
ਜ਼ਿਕਰਯੋਗ ਹੈ ਕਿ ਐਤਵਾਰ ਦੇਰ ਸ਼ਾਮ ਰੋਹਿਤ ਸਿੰਘ ਦੇ ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਭੀਮ ਰਾਓ ਅੰਬੇਡਕਰ ਸੁਸਾਇਟੀ ਦੇ ਵਰਕਰ, ਮ੍ਰਿਤਕ ਦੇ ਵਾਰਸ, ਹਮਦਰਦ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਕਸਬੇ ਵਿਚ ਮੁਜ਼ਾਹਰਾ ਕਰਕੇ ਥਾਣੇ ਅੱਗੇ ਨਾਅਰੇਬਾਜ਼ੀ ਕਰ ਰਹੇ ਸਨ। ਇਸੇ ਦੌਰਾਨ ਪੁਲੀਸ ਨਾਲ ਹੋਏ ਟਕਰਾਅ ਦੌਰਾਨ ਉਨ੍ਹਾਂ ਨੇ ਥਾਣੇ ਉੱਪਰ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਭੀੜ ਨੂੰ ਤਿਤਰ ਬਿਤਰ ਕਰਨ ਤੋਂ ਬਾਅਦ ਜ਼ਿਲ੍ਹੇ ਦੇ ਕਈ ਥਾਣਿਆਂ ਦੀ ਪੁਲੀਸ ਮੰਗਵਾ ਕੇ ਉਨ੍ਹਾਂ ਦੀਆਂ ਟੀਮਾਂ ਬਣਾ ਕੇ ਪੁਲੀਸ ਨੇ ਨੌਜਵਾਨਾਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਸੀ। ਦੇਰ ਰਾਤ ਪੁਲੀਸ ਨੇ ਡਾ. ਭੀਮ ਰਾਓ ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਜਗਤਾਰ ਸਿੰਘ ਉਰਫ ਕਾਲੀ ਪੁੱਤਰ ਗਿਆਨ ਸਿੰਘ ਵਾਸੀ ਕਾਕੜ ਕਲਾਂ ਥਾਣਾ ਲੋਹੀਆਂ ਖਾਸ ਸਮੇਤ 13 ਅਤੇ 80/85 ਅਣਪਛਾਤਿਆਂ ਵਿਰੁੱਧ ਕੇਸ ਦਰਜ ਕੀਤਾ ਸੀ। ਡੀ.ਐਸ.ਪੀ ਸ਼ਾਹਕੋਟ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਇਸ ਮੁਕੱਦਮੇ ’ਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਦੋਂ ਕਿ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਥਰਾਅ ’ਚ ਉਨ੍ਹਾਂ ਦੇ ਤਿੰਨ ਥਾਣੇਦਾਰ ਜ਼ਖਮੀ ਹੋਏ ਹਨ ਜੋ ਇਸ ਸਮੇਂ ਜ਼ੇਰੇ ਇਲਾਜ ਹਨ। ਵਾਹਨਾਂ ਦੇ ਹੋਏ ਨੁਕਸਾਨ ਦੀ ਧਾਰਾ ਵੀ ਮੁਕੱਦਮੇ ਵਿਚ ਜੋੜੀ ਗਈ ਹੈ। ਉਂਝ ਬੀਤੀ ਰਾਤ ਤੋਂ ਲੈ ਕੇ ਮ੍ਰਿਤਕ ਦੇ ਸਸਕਾਰ ਹੋਣ ਤੱਕ ਕਸਬੇ ਨੂੰ ਪੁਲੀਸ ਛਾਉਣੀ ਵਿਚ ਤਬਦੀਲ ਕਰੀ ਰੱਖਿਆ।
ਭਾਰੀ ਪੁਲੀਸ ਫੋਰਸ ਦੀ ਨਿਗਰਾਨੀ ਹੇਠ ਹੋਇਆ ਸਸਕਾਰ
ਸ਼ਾਹਕੋਟ ਦੇ ਰੋਹਿਤ ਸਿੰਘ ਦਾ ਕਤਲ ਤੋਂ ਤੀਜੇ ਦਿਨ ਬਾਅਦ ਭਾਰੀ ਪੁਲੀਸ ਫੋਰਸ ਦੀ ਨਿਗਰਾਨੀ ’ਚ ਬੜੇ ਹੀ ਗਮਗੀਨ ਮਾਹੌਲ ’ਚ ਸਸਕਾਰ ਕੀਤਾ ਗਿਆ। ਪਹਿਲਾ ਤਾਂ ਮ੍ਰਿਤਕ ਦੇ ਵਾਰਿਸ ਕਾਤਲਾਂ ਦੀ ਗ੍ਰਿਫਤਾਰੀ ਤੱਕ ਸਸਕਾਰ ਨਾ ਕਰਨ ਲਈ ਕਹਿ ਰਹੇ ਸਨ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ.ਐਸ.ਪੀ ਸ਼ਾਹਕੋਟ ਸ਼ਮਸ਼ੇਰ ਸਿੰਘ ਸ਼ੇਰਗਿੱਲ ਪਰਿਵਾਰ ਨੂੰ ਸਸਕਾਰ ਕਰਨ ਲਈ ਮਨਾਉਣ ’ਚ ਕਾਮਯਾਬ ਹੋ ਗਏ। ਭਾਰੀ ਪੁਲੀਸ ਫੋਰਸ ਦੀ ਨਿਗਰਾਨੀ ’ਚ ਪਰਿਵਾਰਿਕ ਮੈਂਬਰ ਢੋਡੋਵਾਲ ਤੋਂ ਸ਼ਾਹਕੋਟ ਦੇ ਮੁਰਦਾਘਰ ਤੱਕ ਲਾਸ਼ ਨੂੰ ਲੈ ਕੇ ਆਏ ਇੱਥੇ ਵੀ ਸਸਕਾਰ ਨੂੰ ਲੈ ਕੇ ਕਾਫੀ ਸਮਾਂ ਪੁਲੀਸ ਨਾਲ ਬਹਿਸਬਾਜ਼ੀ ਹੁੰਦੀ ਰਹੀ। ਮ੍ਰਿਤਕ ਦੇ ਵਾਰਸ ਬੀਤੀ ਰਾਤ ਪੁਲੀਸ ਨਾਲ ਹੋਏ ਟਕਰਾਅ ’ਚ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਰਿਹਾਅ ਕਰਨ ਅਤੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਸਕਾਰ ਪਰਿਵਾਰ ਦੀ ਸਹਿਮਤੀ ਨਾਲ ਕੀਤਾ ਗਿਆ ਹੈ। ਕਿਸੇ ਤਰ੍ਹਾਂ ਦੀ ਅਣਸੁਖਾਵੀ ਘਟਨਾ ਨੂੰ ਰੋਕਣ ਦੇ ਨਜ਼ਰੀਏ ਨਾਲ ਪੁਲੀਸ ਤਾਇਨਾਤ ਕੀਤੀ ਗਈ ਸੀ। ਮ੍ਰਿਤਕ ਦੇ ਸਸਕਾਰ ਤੋਂ ਪਹਿਲਾਂ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਨੂੰ ਇਨਸਾਫ ਦਿਵਾਉਣ ਦਾ ਵਾਅਦਾ ਕੀਤਾ।