ਗੁਰਦੇਵ ਸਿੰਘ ਗਹੂੰਣ
ਬਲਾਚੌਰ, 11 ਫਰਵਰੀ
ਸੀਪੀਐੱਮ ਦੇ ਬਲਾਚੌਰ ਹਲਕੇ ਤੋਂ ਉਮੀਦਵਾਰ ਕਾਮਰੇਡ ਪ੍ਰੇਮ ਰੱਕੜ ਦੇ ਹੱਕ ਵਿੱਚ ਕੰਗਣਾ ਬੇਟ, ਕੌਲਗੜ੍ਹ, ਰੱਕੜਾਂ ਢਾਹਾ, ਜੈਨਪੁਰ ਅਤੇ ਮਝੋਟ ਵਿੱਚ ਚੋਣ ਸਭਾਵਾਂ ਕੀਤੀਆਂ ਗਈਆਂ।
ਇਨ੍ਹਾਂ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਆਰਐੱਸਐੱਸ ਅਤੇ ਭਾਜਪਾ ਦੇਸ਼ ਨੂੰ ਫਿਰਕੂ ਲੀਹਾਂ ’ਤੇ ਵੰਡ ਕੇ ਆਪਣੇ ਮੁੱਖ ਨਿਸ਼ਾਨੇ ਮੁਤਾਬਕ ਹਿੰਦੂ ਰਾਸ਼ਟਰ ਬਣਾਉਣ ਵਿੱਚ ਲੱਗੀਆਂ ਹੋਈਆਂ ਹਨ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਆਪਣੇ ਫਿਰਕੂ ਏਜੰਡੇ ਨੂੰ ਲਾਗੂ ਕਰਨ ਦੀ ਤਾਂਘ ਵਿੱਚ ਹੈ, ਇਸ ਲਈ ਦੇਸ਼ ਦੀ ਏੇਕਤਾ ਅਤੇ ਅਖੰਡਤਾ ਦੀ ਰਾਖੀ ਕਰਦਿਆਂ ਧਰਮ ਨਿਰਪੱਖ ਅਤੇ ਜਮਹੂਰੀ ਲੋਕਾਂ ਨੂੰ ਨੇਤਾ ਨਹੀਂ, ਸਗੋਂ ਨੀਤੀਆਂ ਦੇ ਆਧਾਰ ’ਤੇ ਵੋੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਕਾਮਰੇਡ ਸੇਖੋਂ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਮੁੱਖ ਮੰਤਰੀ ਦੇ ਚਿਹਰੇ ਦੇ ਨਾਮ ’ਤੇ ਵੋਟਾਂ ਮੰਗਦੀਆਂ ਹਨ, ਜੋ ਕਿ ਸੰਵਿਧਾਨਕ ਤੌਰ ’ਤੇ ਗਲਤ ਹੈ। ਲੋਕਤੰਤਰ ਵਿੱਚ ਲੋਕ ਆਪਣੀ ਵੋਟ ਪਾਉਂਦੇ ਹਨ ਅਤੇ ਚੁਣੇ ਹੋਏ ਨੁਮਾਇੰਦੇ ਆਪਣਾ ਨੇਤਾ ਚੁਣਦੇ ਹਨ। ਕਾਮਰੇਡ ਸੇਖੋਂ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਕੋਲ ਕੋਈ ਨੀਤੀ ਨਹੀਂ ਹੈ, ਜਿਸ ਦੇ ਆਧਾਰ ’ਤੇ ਇਹ ਵੋਟਾਂ ਮੰਗਣ ਲਈ ਲੋਕਾਂ ਵਿੱਚ ਜਾਣ। ਇਸ ਮੌਕੇ ਬਲਾਚੌਰ ਹਲਕੇ ਤੋਂ ਪਾਰਟੀ ਉਮੀਦਵਾਰ ਕਾਮਰੇਡ ਪ੍ਰੇਮ ਰੱਕੜ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਬਲਵੀਰ ਸਿੰਘ ਜਾਡਲਾ, ਸੂਬਾ ਕਮੇਟੀ ਮੈਂਬਰ ਰਾਮ ਸਿੰਘ ਨੂਰਪੁਰੀ, ਮਹਾਂ ਸਿੰਘ ਰੌੜੀ, ਹਰਬੰਸ ਸਿੰਘ ਕੰਗਣਾ, ਦਿਲਬਾਗ ਸਿੰਘ ਕੰਗਣਾ, ਬਲਵੀਰ ਸਿੰਘ ਕੌਲਗੜ੍ਹ, ਹੁਸਨ ਮਝੋਟ ਅਤੇ ਅੱਛਰ ਸਿੰਘ ਟੋਰੋਵਾਲ ਆਦਿ ਪਤਵੰਤਿਆਂ ਨੇ ਲੋਕਾਂ ਨੂੰ ਦਾਤੀ, ਹਥੌੜੇ ਅਤੇ ਤਾਰੇ ਦੇ ਬਟਨ ਨੂੰ ਦਬਾ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਗਰੀਬ ਲੋਕਾਂ ਕੋਲੋਂ ਇਕੱਠੀ ਕੀਤੀ ਗਈ ਰਾਸ਼ੀ ਪਾਰਟੀ ਉਮੀਦਵਾਰਾਂ ਦੀ ਚੋਣ ਮੁਹਿੰਮ ਚਲਾਉਣ ਲਈ ਸੂਬਾ ਸਕੱਤਰ ਨੂੰ ਭੇਟ ਕੀਤੀ ਗਈ।