ਹਤਿੰਦਰ ਮਹਿਤਾ
ਜਲੰਧਰ, 14 ਜੁਲਾਈ
ਨਿਰਮਲਾ ਸੰਤ ਮੰਡਲ ਪੰਜਾਬ ਦੀ ਨਿਰਮਲ ਕੁਟੀਆ ਸੀਚੇਵਾਲ ਵਿੱਚ ਹੋਈ ਸਰਬਸਮੰਤੀ ਨਾਲ ਚੋਣ ਦੌਰਾਨ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਜੱਥੇਬੰਦੀ ਦਾ ਚੇਅਰਮੈਨ-ਕਮ- ਸਰਪ੍ਰਸਤ ਬਣਾਇਆ ਗਿਆ ਹੈ ਜਦ ਕਿ ਸੰਤ ਸੰਤੋਖ ਸਿੰਘ ਥੱਲੇਵਾਲ ਵਾਲਿਆਂ ਨੂੰ ਪ੍ਰਧਾਨ ਚੁਣਿਆ ਗਿਆ ਹੈ। ਜੱਥੇਬੰਦੀ ਦੇ 40 ਤੋਂ ਵੱਧ ਮਹਾਂਪੁਰਸ਼ਾਂ ਨੇ ਇਸ ਚੋਣ ਵਿੱਚ ਹਿੱਸਾ ਲਿਆ। ਪ੍ਰੈੱਸ ਸਕੱਤਰ ਬਣੇ ਸੰਤ ਬਲਰਾਜ ਸਿੰਘ ਜਿਆਣ ਵਾਲਿਆਂ ਨੇ ਦੱਸਿਆ ਕਿ ਜੱਥੇਬੰਦੀ ਦੇ ਜਿਹੜੇ ਹੋਰ ਅਹੁਦੇਦਾਰ ਬਣਾਏ ਗਏ ਹਨ, ਉਨ੍ਹਾਂ ਵਿੱਚ ਸੰਤ ਜੀਤ ਸਿੰਘ ਅੰਮ੍ਰਿਤਸਰ ਵਾਲੇ ਜਨਰਲ ਸਕੱਤਰ ਬਣੇ ਹਨ। ਡੇਰਾ ਹਰਜੀ ਦੇ ਮੁੱਖ ਸੇਵਾਦਾਰ ਸੰਤ ਅਮਰੀਕ ਸਿੰਘ ਖੁਖਰੈਣ ਵਾਲਿਆਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਸੰਤ ਸਮਸ਼ੇਰ ਸਿੰਘ ਨੂੰ ਮੀਤ ਪ੍ਰਧਾਨ, ਸੰਤ ਭਗਵਾਨ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਸੰਤ ਹਰਜਿੰਦਰ ਸਿੰਘ ਚੂਸੇਵਾਲ ਜੱਥੇਬੰਦਕ ਸਕੱਤਰ ਅਤੇ ਸੰਤ ਹਰਵਿੰਦਰ ਸਿੰਘ ਚਿੱਬੜਾ ਨੂੰ ਖਜ਼ਾਨਚੀ ਬਣਾਇਆ ਗਿਆ ਹੈ। ਜਨਰਲ ਸਕੱਤਰ ਸੰਤ ਜੀਤ ਸਿੰਘ ਅੰਮ੍ਰਿਤਸਰ ਨੇ ਦੱਸਿਆ ਕਿ ਪਹਿਲਾ ਸਮਾਗਮ ਤਾਂ ਨਿਰਮਲਾ ਪੰਥ ਦੇ ਮੋਢੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਵੇਈਂ ਦੀ 24ਵੀਂ ਵਰ੍ਹੇਗੰਢ ਨੂੰ ਸਾਰਾ ਸਾਲ ਨਿਰਮਲਾ ਡੇਰਿਆ ਵਿੱਚ ਮਨਾਇਆ ਜਾਵੇਗਾ।