ਪੱਤਰ ਪ੍ਰੇਰਕ
ਹੁਸ਼ਿਆਰਪੁਰ, 29 ਨਵੰਬਰ
ਪਿੰਡ ਖਨੌੜਾ ਦੀ ਸਾਂਝੀ ਜ਼ਮੀਨ ’ਚੋਂ ਪਿੱਪਲ ਦਾ ਰੁੱਖ ਕਟਵਾਉਣ ਦੇ ਦੋਸ਼ ਤਹਿਤ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪਿੰਡ ਦੇ ਸਰਪੰਚ ਅਤੇ ਚਾਰ ਪੰਚਾਂ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ। ਪਿੰਡ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਅਤੇ ਕੁੱਝ ਮੌਜੂਦਾ ਪੰਚਾਂ ਨੇ ਇਸ ਦੀ ਸ਼ਿਕਾਇਤ ਵਿਭਾਗ ਨੂੰ ਕੀਤੀ ਸੀ। ਉਨ੍ਹਾਂ ਦੋਸ਼ ਲਗਾਇਆ ਸੀ ਕਿ ਪੰਚਾਇਤ ਨੇ ਨਾ ਤਾਂ ਪਿੱਪਲ ਕੱਟਣ ਵਾਲੇ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਅਤੇ ਨਾ ਹੀ ਇਸ ਦੀ ਜਾਣਕਾਰੀ ਸਬੰਧਿਤ ਦਫ਼ਤਰ ਨੂੰ ਦਿੱਤੀ। ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਨੇ ਸਰਪੰਚ ਲਹਿੰਬਰ ਰਾਮ, ਪੰਚ ਬੂਟਾ ਰਾਮ, ਕਸ਼ਮੀਰ ਸਿੰਘ, ਰੇਸ਼ਮ ਸਿੰਘ ਅਤੇ ਜਸਵਿੰਦਰ ਕੌਰ ਨੂੰ ਪੰਜਾਬ ਪੰਚਾਇਤੀ ਰਾਜ ਐਕਟ ਤਹਿਤ ਉਨ੍ਹਾਂ ਦੇ ਅਹੁਦਿਆਂ ਤੋਂ ਮੁਅੱਤਲ ਕਰ ਦਿੱਤਾ।