ਜੇ.ਬੀ.ਸੇਖੋਂ
ਗੜ੍ਹਸ਼ੰਕਰ, 22 ਜਨਵਰੀ
ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਸੀਪੀਐੱਮ ਦੇ ਉਮੀਦਵਾਰ ਕਾਮਰੇਡ ਮਹਿੰਦਰ ਕੁਮਾਰ ਬੱਢੋਆਣ ਦੇ ਹੱਕ ਵਿੱਚ ਪਾਰਟੀ ਆਗੂਆਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਚੋਣ ਪ੍ਰਚਾਰ ਦੀ ਸ਼ੁਰੂਆਤ ਮੌਕੇ ਪਾਰਟੀ ਦੇ ਸੂਬਾਈ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਕੁਰਸੀਆਂ ਹਾਸਲ ਕਰਨ ਲਈ ਚੱਲ ਰਹੇ ਦਲ ਬਦਲੂ ਮਾਹੌਲ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਪਾਰਟੀਆਂ ਤੇ ਆਗੂ ਲੋਕ ਹਿੱਤਾਂ ਦੀ ਥਾਂ ਸਵੈ ਦੇ ਹਿਤਾਂ ਲਈ ਕੰਮ ਕਰਦੀਆਂ ਹਨ। ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਦੇਸ਼ ਨੂੰ ਇਸ ਵੇਲੇ ਫਿਰਕਾਪ੍ਰਸਤੀ ਅਤੇ ਕਾਰਪੋਰੇਟ ਘਰਾਣਿਆਂ ਦੀ ਇਜਾਰੇਦਾਰੀ ਵੱਡੇ ਸੰਕਟ ਬਣ ਕੇ ਪੇਸ਼ ਹੋ ਰਹੇ ਹਨ ਜਿਨ੍ਹਾਂ ਵਿਰੁੱਧ ਸਾਂਝਾ ਸੰਘਰਸ਼ ਵਿੱਢਣ ਦੀ ਲੋੜ ਹੈ। ਕਾਮਰੇਡ ਗੁਰਨੇਕ ਭੱਜਲ ਨੇ ਪਾਰਟੀ ਵਰਕਰਾਂ ਨੂੰ ਇਕਜੁੱਟ ਹੋ ਕੇ ਮਹਿੰਦਰ ਕੁਮਾਰ ਬੱਢੋਆਣ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੀ ਅਪੀਲ ਕੀਤੀ। ਮਹਿੰਦਰ ਕੁਮਾਰ ਬੱਢੋਆਣ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਨਗੇ। ਆਸਾ ਨੰਦ, ਹਰਭਜਨ ਅਟਵਾਲ, ਮਿੰਦਰ ਸਿੰਘ,ਹਰਬੰਸ ਸਿੰਘ, ਰਣਜੀਤ ਸਿੰਘ, ਸ਼ਲਿੰਦਰ ਕੌਰ, ਸ਼ੇਰ ਜੰਗ ਬਹਾਦਰ ਸਿੰਘ, ਕਰਨੈਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।