ਪਾਲ ਸਿੰਘ ਨੌਲੀ
ਜਲੰਧਰ,7 ਅਪਰੈਲ
ਫਿਲਪਾਈਨ ਦੀ ਫੇਰੀ ’ਤੇ ਗਏ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਪੰਜਾਬੀਆਂ ਦੇ ਇੱਕ ਵਫ਼ਦ ਨੇ ਮਨੀਲਾ ਵਿੱਚ ਭਾਰਤੀ ਰਾਜਦੂਤ ਸ਼ੰਭੂ ਐੱਸ ਕੁਮਾਰਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਫਿਲਪਾਈਨ ਵਿੱਚ ਪੰਜਾਬੀਆਂ ਨੂੰ ਪਾਸਪੋਰਟ ਸਮੇਤ ਹੋਰ ਆ ਰਹੀਆਂ ਮੁਸ਼ਕਿਲਾਂ ਨੂੰ ਭਾਰਤੀ ਰਾਜਦੂਤ ਕੋਲ ਪ੍ਰਮੁੱਖਤਾ ਨਾਲ ਉਠਾਇਆ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਭਾਰਤੀ ਰਾਜਦੂਤ ਸ਼ੰਭੂ ਐੱਸ ਕੁਮਾਰਨ ਨੇ ਦੱਸਿਆ ਕਿ ਭਾਰਤ ਸਰਕਾਰ ਫਿਲਪਾਈਨ ਦੇ ਸਮੁੱਚੇ ਵਿਕਾਸ ਵਿੱਚ ਸਹਿਯੋਗ ਕਰ ਰਹੀ ਹੈ। ਫਿਲਪਾਈਨ ਦੇ ਪਿੰਡਾਂ ਵਿੱਚ ਵੀ ਗੰਦੇ ਪਾਣੀਆਂ ਦੇ ਨਿਕਾਸ ਦੀ ਸਮਸਿਆ ਸਾਡੇ ਪਿੰਡਾਂ ਵਾਂਗ ਹੀ ਹੈ। ਰਾਜਦੂਤ ਵੱਲੋਂ ਉਨ੍ਹਾਂ ਨੂੰ ਗੰਦੇ ਪਾਣੀ ਦੇ ਨਿਕਾਸ ਵਿੱਚ ਸਹਿਯੋਗ ਕਰਨ ਲਈ ਕਿਹਾ ਹੈ ਜਿਵੇਂ ਸੀਚੇਵਾਲ ਮਾਡਲ ਰਾਹੀ ਪੰਜਾਬ ਸਮੇਤ ਹੋਰ ਸੂਬਿਆਂ ਦੇ ਪਿੰਡਾਂ ਵਿੱਚ ਗੰਦੇ ਪਾਣੀਆਂ ਦੀ ਸਮਸਿਆ ਤੋਂ ਲੋਕਾਂ ਨੂੰ ਨਿਜਾਤ ਦੁਆਈ ਹੈ। ਮੁਲਾਕਾਤ ਦੌਰਾਨ ਪੰਜਾਬੀਆਂ ਨੂੰ ਪਾਸਪੋਰਟ ਸਮੇਤ ਆ ਰਹੀਆਂ ਹੋਰ ਸਮਸਿਆਵਾਂ ਦਾ ਮੁੱਦਾ ਵੀ ਸੰਤ ਸੀਚੇਵਾਲ ਨੇ ਚੁੱਕਿਆ।
ਪਾਸਪੋਰਟ ਸਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੰਡੀਅਨ ਨਿਰਮਲ ਸਿੱਖ ਟੈਂਪਲ ਪਨਕੀ ਵਿਖੇ ਵਿਸ਼ੇਸ਼ ਕੈਂਪ ਲਾਇਆ ਜਾਵੇਗਾ। ਇਸ ਵਫ਼ਦ ਵਿੱਚ ਹੋਰਨਾਂ ਤੋਂ ਇਲਾਵਾ ਕੌਂਸਲਰ ਹਰੀਸ਼ ਦਫੌਟੀ, ਮਨਜਿੰਦਰ ਜੇਮਸ, ਜਗਮੋਹਨ ਸਿੰਘ ਤੰਬਰ ਅਤੇ ਮਨਜਿੰਦਰ ਸਿੰਘ ਸ਼ਾਮਲ ਸਨ।