ਪੱਤਰ ਪ੍ਰੇਰਕ
ਸ਼ਾਹਕੋਟ, 15 ਅਕਤੂਬਰ
ਇਸਤਰੀ ਜਾਗ੍ਰਿਤੀ ਮੰਚ ਜ਼ਿਲ੍ਹਾ ਜਲੰਧਰ ਦੀ ਪ੍ਰਧਾਨ ਅਨੀਤਾ ਸੰਧੂ ਅਤੇ ਪੇਂਡੂ ਮਜ਼ਦੂਰ ਯੂਨੀਅਨ ਤਹਿਸੀਲ ਸ਼ਾਹਕੋਟ ਦੀ ਪ੍ਰਧਾਨ ਗੁਰਬਖਸ਼ ਕੌਰ ਸਾਦਿਕਪੁਰ ਦੀ ਅਗਵਾਈ ਵਿੱਚ ਮਾਈਕਰੋ ਫਾਇਨਾਂਸ ਕੰਪਨੀ ਦੇ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਹੋਈਆਂ ਪਿੰਡ ਬੁਲੰਦਾ ਦੀਆਂ ਔਰਤਾਂ ਦਾ ਇੱਕ ਜਨਤਕ ਵਫਦ ਡੀ.ਐੱਸ.ਪੀ ਸ਼ਾਹਕੋਟ ਸਮਸ਼ੇਰ ਸਿੰਘ ਸ਼ੇਰਗਿੱਲ ਨੂੰ ਮਿਲਿਆ। ਵਫ਼ਦ ਨੇ ਗਰੀਬ ਔਰਤਾਂ ਨੂੰ ਲੁੱਟ ਦਾ ਸ਼ਿਕਾਰ ਬਣਾਉਣ ਵਾਲੇ ਏਜੰਟਾਂ ਅਤੇ ਕਰਜ਼ ਦਿਵਾਉਣ ਵਿੱਚ ਰੋਲ ਅਦਾ ਕਰਨ ਵਾਲੀ ਔਰਤ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਡੀ.ਐਸ.ਪੀ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਮਾਮਲੇ ਦੀ ਪੜਤਾਲ ਕਰਵਾਉਣ ਤੋਂ ਬਾਅਦ ਜੋ ਵੀ ਮੁਲਜ਼ਮ ਪਾਇਆ ਜਾਵੇਗਾ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਫ਼ਦ ਦੀ ਅਗਵਾਈ ਕਰਨ ਵਾਲੀਆਂ ਆਗੂਆਂ ਨੇ ਦੱਸਿਆ ਕਿ ਮਾਈਕਰੋ ਫਾਇਨਾਂਸ ਕੰਪਨੀ ਦੇ ਏਜੰਟਾਂ ਨੇ ਪਿੰਡ ਬੁਲੰਦਾ ਦੀ ਇੱਕ ਔਰਤ ਦੀ ਮਿਲੀਭੁਗਤ ਨਾਲ ਕਰਜ਼ ਦੀਆਂ ਕਿਸ਼ਤਾਂ ਅਦਾ ਕਰਨ ਵਾਲੀਆਂ ਔਰਤਾਂ ਨੂੰ ਕੋਈ ਰਸੀਦ ਨਹੀ ਦਿੱਤੀ। ਇਕ ਔਰਤ ਦੇ ਨਾਂ ’ਤੇ ਲਿਆ ਕਰਜ਼ਾ ਖੁਦ ਹੜੱਪ ਕਰਕੇ ਹੜੱਪ ਕਰਕੇ ਗਰੀਬ ਔਰਤਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਲਈ। ਕੰਪਨੀ ਦੇ ਏਜੰਟ ਕਰਜ਼ਦਾਰ ਔਰਤਾਂ ਨੂੰ ਡਿਫਾਲਟਰ ਦੱਸ ਕੇ ਉਨ੍ਹਾਂ ਦੇ ਘਰਾਂ ਵਿੱਚੋਂ ਜਬਰੀ ਸਮਾਨ ਚੁੱਕਣ ਦੀਆਂ ਕੋਸ਼ਿਸ਼ ਕਰਦੇ ਹਨ।