ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 8 ਅਕਤੂਬਰ
ਜਲੰਧਰ ਵਿੱਚ ਅੱਜ ਭਗਵਾਨ ਵਾਲਮੀਕਿ ਦੇ ਪ੍ਰਗਟ ਉਤਸਵ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ। ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਵੱਲੋਂ ਸਥਾਨਕ ਅਲੀ ਮੁਹੱਲਾ ਤੋਂ ਸ਼ੋਭਾ ਯਾਤਰਾ ਨੂੰ ਰਵਾਨਾ ਕਰਨ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਵੱਲੋਂ ਸਦੀਆਂ ਪਹਿਲਾਂ ਰਚਿਤ ਪਵਿੱਤਰ ਰਮਾਇਣ ਵਿੱਚ ਆਦਰਸ਼ ਜੀਵਨ ਬਤੀਤ ਕਰਨ ਦੀ ਦਿੱਤੀ ਗਈ ਸਿੱਖਿਆ ਅਜੋਕੇ ਸਮੇਂ ਵਿੱਚ ਵੀ ਸਾਰਥਕ ਹੈ। ਇਸ ਮੌਕੇ ਉਨ੍ਹਾਂ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਵਿਖੇ ਭਵਨ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕਰਨ ਤੋਂ ਇਲਾਵਾ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਦੌਰਾਨ ਮੰਤਰੀ ਵੱਲੋਂ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ, ਪ੍ਰਾਚੀਨ ਭਗਵਾਨ ਵਾਲਮੀਕਿ ਮੰਦਿਰ ਅਲੀ ਮੁਹੱਲਾ ਵਿਖੇ ਨਤਮਸਤਕ ਹੋਣ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਵੱਲੋਂ ਲਗਾਈਆਂ ਸਟੇਜਾਂ ਤੋਂ ਵੀ ਸੰਬੋਧਨ ਕੀਤਾ ਗਿਆ। ਇਸ ਤੋਂ ਪਹਿਲਾਂ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ, ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੂਰਾਲ, ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਨੇ ਸੰਬੋਧਨ ਕੀਤਾ।