ਨਿੱਜੀ ਪੱਤਰ ਪ੍ਰੇਰਕ
ਜਲੰਧਰ, 15 ਅਪਰੈਲ
ਲੰਘੀ ਦੇਰ ਰਾਤ ਇਥੋਂ ਦੇ ਗੋਪਾਲ ਨਗਰ ਵਿਚ ਦੋ ਧੜਿਆਂ ’ਚ ਗੋਲੀਆਂ ਚੱਲ ਗਈਆਂ। ਇਸੇ ਦੌਰਾਨ ਆਪਣੇ ਪਰਿਵਾਰ ਨਾਲ ਘਰ ਜਾ ਰਹੇ ਇਕ ਰਾਹਗੀਰ ਦੇ ਪੱਟ ਵਿਚ ਗੋਲੀ ਲੱਗ ਪਈ। ਜ਼ਖਮੀ ਹੋਏ ਵਿਅਕਤੀ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਖਮੀ ਹੋਏ ਵਿਅਕਤੀ ਦੀ ਪਛਾਣ ਹਰਮੇਲ ਸਿੰਘ ਵਾਸੀ ਧੋਗੜੀ ਮੁਹੱਲਾ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਉਹ ਗੋਪਾਲ ਨਗਰ ਵਿਚ ਆਪਣੇ ਸਹੁਰਾ ਪਰਿਵਾਰ ਕੋਲ ਆਇਆ ਹੋਇਆ ਸੀ। ਰਾਤ ਦਾ ਖਾਣਾ ਖਾਣ ਤੋਂ ਬਾਅਦ ਆਪਣੀ ਪਤਨੀ ਤੇ ਧੀ ਨਾਲ ਸਕੂਟਰ ’ਤੇ ਵਾਪਸ ਘਰ ਨੂੰ ਜਾ ਰਿਹਾ ਸੀ। ਜਿਉਂ ਹੀ ਉਹ ਗੋਪਾਲ ਨਗਰ ’ਚ ਪ੍ਰਕਾਸ਼ ਬੇਕਰੀ ਨੇੜੇ ਪਹੁੰਚਿਆ ਤਾਂ ਉਥੇ ਦੋ ਧੜਿਆਂ ’ਚ ਹੋ ਰਹੀ ਲੜਾਈ ਦੌਰਾਨ ਗੋਲੀਆਂ ਚੱਲ ਰਹੀਆਂ ਸਨ। ਇਸ ਗੋਲੀਬਾਰੀ ਦੌਰਾਨ ਉਹ ਸੋਚ ਰਿਹਾ ਸੀ ਕਿ ਆਪਣੇ ਪਰਿਵਾਰ ਨੂੰ ਸੁਰੱਖਿਅਤ ਥਾਂ ’ਤੇ ਲੈ ਜਾਵੇ। ਇੰਨੇ ਨੂੰ ਇਕ ਗੋਲੀ ਉਸ ਦੇ ਪੱਟ ਵਿਚ ਆ ਕੇ ਲੱਗੀ ਤੇ ਉਹ ਉਥੇ ਹੀ ਡਿੱਗ ਪਿਆ। ਜ਼ਖਮੀ ਹੋਏ ਹਰਮੇਲ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਹਰਮੇਲ ਸਿੰਘ ਨੇ ਦੱਸਿਆ ਕਿ ਉਹ ਸਕੂਟਰ ਚਲਾ ਰਿਹਾ ਸੀ ਤੇ ਅੱਗੇ ਉਸ ਦੀ ਧੀ ਖੜ੍ਹੀ ਸੀ। ਉਸ ਦਾ ਕਹਿਣਾ ਹੈ ਕਿ ਇਸ ਗੋਲੀਬਾਰੀ ਵਿਚ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ ਤੇ ਸਿਵਲ ਹਸਪਤਾਲ ਜਾ ਕੇ ਹਰਮੇਲ ਸਿੰਘ ਨਾਲ ਗੱਲਬਾਤ ਵੀ ਕੀਤੀ ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਹਾਸਲ ਕੀਤੀ। ਜਾਣਕਾਰੀ ਅਨੁਸਾਰ ਪੁਲੀਸ ਇਸ ਮਾਮਲੇ ਵਿਚ ਦੋਸ਼ੀਆਂ ਦੀ ਪੈੜ ਲੱਭਣ ’ਚ ਲੱਗੀ ਹੋਈ ਸੀ।