ਪੱਤਰ ਪ੍ਰੇਰਕ
ਫਗਵਾੜਾ, 26 ਜੂਨ
ਬੀਤੀ ਰਾਤ ਪਿੰਡ ਪੰਡਵਾਂ ਵਿੱਚ ਕੁੱਝ ਨੌਜਵਾਨਾਂ ਨੇ ਫ਼ਾਇਰਿੰਗ ਕਰਕੇ ਪਿੰਡ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਸਾਰ ਸਤਨਾਮਪੁਰਾ ਦੇ ਐਸ.ਐਚ.ਓ ਜਤਿੰਦਰ ਕੁਮਾਰ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਇਸ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀ ਰਜਿੰਦਰ ਕੁਮਾਰ ਦੇ ਪਰਿਵਾਰ ਦੀ ਪਿੰਡ ਦੇ ਹੀ ਕੁੱਝ ਨੌਜਵਾਨਾਂ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਹੈ ਜਿਸ ਕਾਰਨ ਹੀ ਵਿਰੋਧੀ ਧਿਰ ਦੇ ਨੌਜਵਾਨਾਂ ਨੇ ਅਜਿਹਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵਲੋਂ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਜਾਰੀ ਹੈ ਤੇ ਸਬੰਧਿਤ ਪਰਿਵਾਰ ਵਲੋਂ ਬਿਆਨ ਦੇਣ ’ਤੇ ਕੇਸ ਦਰਜ ਕੀਤਾ ਜਾਵੇਗਾ। ਰਜਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਦੇ ਜਿਨ੍ਹਾਂ ਲੋਕਾਂ ਨਾਲ ਉਨ੍ਹਾਂ ਦਾ ਵਿਵਾਦ ਹੈ ਉਹ ਸਾਡੇ ਭਤੀਜੇ ਦੇ ਲੜਕੇ ਨੂੰ ਕੁੱਟ ਚੁੱਕੇ ਹਨ ਜਿਸ ਸਬੰਧ ’ਚ ਕੇਸ ਵੀ ਦਰਜ ਹੋਇਆ ਹੈ ਪਰ ਪੁਲੀਸ ਇਨ੍ਹਾਂ ਵਿਅਕਤੀਆਂ ਨੂੰ ਅਜੇ ਤੱਕ ਨੱਥ ਨਹੀਂ ਪਾ ਸਕੀ ਜਿਸ ਕਾਰਨ ਇਹ ਵਿਅਕਤੀ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਬੀਤੀ ਰਾਤ ਉਸ ਦਾ ਪਿਤਾ ਘਰ ਦੇ ਬਾਹਰ ਸੁੱਤਾ ਪਿਆ ਸੀ ਤਾਂ ਇਨ੍ਹਾਂ ਨੇ ਹਵਾਈ ਫਾਇਰ ਕਰ ਦਿੱਤੇ ਜਦੋਂ ਉਨ੍ਹਾਂ ਨੇ ਦੌੜ ਕੇ ਘਰ ਆ ਕੇ ਉਨ੍ਹਾਂ ਨੂੰ ਜਗਾਇਆ ਤਾਂ ਉਸ ਸਮੇਂ ਦੌਰਾਨ ਇਹ ਗੋਲੀਆਂ ਚਲਾ ਕੇ ਭੱਜ ਚੁੱਕੇ ਹਨ। ਉਨ੍ਹਾਂ ਮੌਕੇ ’ਤੇ ਗੋਲੀਆਂ ਦੇ ਮਿਲੇ ਕੁਝ ਖੋਲ ਵੀ ਦਿਖਾਏ ਤੇ ਕਿਹਾ ਕਿ ਸਾਡੀ ਜਾਨ ਨੂੰ ਖਤਰਾ ਹੈ ਤੇ ਪੁਲੀਸ ਨੂੰ ਇਸ ਸਬੰਧ ’ਚ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਰਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਪੰਚਾਇਤ ਪਾਸ ਸ਼ਿਕਾਇਤ ਰੱਖੀ ਸੀ ਜਿਸ ਮੁਲਜ਼ਮ ਅਜਿਹਾ ਕਰ ਰਹੇ ਹਨ।